ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਸ੍ਰੀ ਮੋਦੀ ਨੇ ਲੋਕ ਸਭਾ ਚੋਣਾਂ ਨੂੰ ਆਪਣਾ ‘ਨਿੱਜੀ ਮਤਦਾਨ’ ਬਣਾ ਛੱਡਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਜਿਸ ਤਰੀਕੇ ਨਾਲ ਹਰੇਕ ਵੋਟ ਆਪਣੇ ਖਾਤੇ ਵਿੱਚ ਪਾਉਣ ਲਈ ਝੋਲੀ ਅੱਡ ਰਹੇ ਹਨ, ਉਸ ਤੋਂ ਇਹੀ ਪ੍ਰਭਾਵ ਜਾਂਦਾ ਹੈ। ਸ੍ਰੀ ਸਿਨਹਾ ਪਟਨਾ ਸਾਹਿਬ ਤੋਂ ਮਹਾਂਗੱਠਬੰਧਨ ਦੇ ਉਮੀਦਵਾਰ ਸ਼ਤਰੂਘਣ ਸਿਨਹਾ ਦੇ ਹੱਕ ’ਚ ਚੋਣ ਪ੍ਰਚਾਰ ਕਰ ਰਹੇ ਸਨ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਵਿੱਤ ਮੰਤਰੀ ਰਹੇ ਸ੍ਰੀ ਸਿਨਹਾ ਨੇ ਕਿਹਾ, ‘ਭਾਰਤ ਵਰਗੇ ਜਮਹੂਰੀ ਮੁਲਕ ਵਿਚ ਪਹਿਲੀ ਵਾਰ ਇੰਜ ਲੱਗਿਆ ਜਿਵੇਂ ਕੋਈ ਸਿਆਸੀ ਪਾਰਟੀ ਨਹੀਂ ਬਲਕਿ ਪ੍ਰਧਾਨ ਮੰਤਰੀ ਮੋਦੀ ਖੁ਼ਦ ਸਿੱਧੇ ਤੌਰ ’ਤੇ ਇਹ ਚੋਣਾਂ ਲੜ ਰਹੇ ਹੋਣ। ਉਨ੍ਹਾਂ ਸੰਸਦੀ ਚੋਣਾਂ ਨੂੰ ਆਪਣਾ ‘ਨਿੱਜੀ ਮਤਦਾਨ’ ਬਣਾ ਛੱਡਿਆ ਹੈ। ਉਹ ਵੋਟਰਾਂ ਨੂੰ ਆਪਣਾ ਹਰੇਕ ਵੋਟ ਮੋਦੀ ਦੇ ਖਾਤੇ ’ਚ ਪਾਉਣ ਲਈ ਆਖ ਰਹੇ ਹਨ।’ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਹੂਆ ਤੋਂ ਹੂਆ’ ਟਿੱਪਣੀ ਦੀ ਆੜ ਹੇਠ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰ ਰਹੇ ਹਨ। ਸ੍ਰੀ ਮੋਦੀ ਵੱਲੋਂ ਤਕਰੀਰਾਂ ਦੌਰਾਨ ਵਰਤੀ ਜਾਂਦੀ ਭਾਸ਼ਾ ਸਭ ਤੋਂ ਹੇਠਲੇ ਪੱਧਰ ਨੂੰ ਜਾ ਪੁੱਜੀ ਹੈ। ਹਰੇਕ ਮੁੱਦੇ ਨੂੰ ਇਉਂ ਉਭਾਰਿਆ ਜਾਂਦਾ, ਜਿਵੇਂ ਇਹ ਭਾਈਚਾਰਕ ਇਕਸੁਰਤਾ ਨੂੰ ਤੋੜਨ ਦਾ ਯਤਨ ਹੋਵੇ। ਸ੍ਰੀ ਸਿਨਹਾ ਨੇ ਚੋਣ ਮੁਹਿੰਮ ਦੌਰਾਨ ਗੁਆਂਢੀ ਮੁਲਕ ਪਾਕਿਸਤਾਨ ਨੂੰ ਧੂਹਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਦੇ ਅਰਥਚਾਰੇ ਨੂੰ ਮਧੋਲ ਛੱਡਿਆ ਹੈ।
INDIA ਮੋਦੀ ਨੇ ਲੋਕ ਸਭਾ ਚੋਣਾਂ ਨੂੰ ‘ਨਿੱਜੀ ਚੋਣ’ ਬਣਾਇਆ: ਸਿਨਹਾ