ਮੋਦੀ ਨੇ ਰੇਲਗੇਟ ਮਾਮਲੇ ’ਤੇ ਬਾਂਸਲ ਨੂੰ ਘੇਰਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਸੈਕਟਰ-34 ਵਿਚ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ਵਿਚ ਚੋਣ ਰੈਲੀ ਕੀਤੀ। ਇਸ ਮੌਕੇ ਸ੍ਰੀ ਮੋਦੀ ਨੇ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ’ਤੇ ਰੇਲ ਘੁਟਾਲੇ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਅਤੇ ਗੁੱਝੀ ਚੋਟ ਮਾਰੀ।
ਉਨ੍ਹਾਂ ਕਿਹਾ ਕਿ ਜਦੋਂ ਰੇਲ ਮੰਤਰੀ ਦਾ ਰਿਸ਼ਤੇਦਾਰ ਰਿਸ਼ਵਤ ਲੈਂਦਾ ਫੜ੍ਹਿਆ ਗਿਆ ਤਾਂ ਕਾਂਗਰਸ ਨੇ ਕਿਹਾ ਦਿੱਤਾ ਕਿ ‘ਹੁਆ ਤੋ ਹੁਆ।’ ਯਾਦ ਕਰਵਾਇਆ ਜਾਂਦਾ ਹੈ ਕਿ ਜਦੋਂ ਸਾਲ 2014 ਦੀਆਂ ਚੋਣਾਂ ਵਿਚ ਸ੍ਰੀ ਮੋਦੀ ਨੇ ਇਸੇ ਥਾਂ ’ਤੇ ਕਿਰਨ ਖੇਰ ਦੇ ਹੀ ਹੱਕ ਵਿਚ ਰੈਲੀ ਕੀਤੀ ਸੀ ਤਾਂ ਉਨ੍ਹਾਂ ਉਸ ਵੇਲੇ ਵੀ ਰੇਲ ਘੁਟਾਲੇ ਦੇ ਮਾਮਲੇ ਵਿਚ ਸ੍ਰੀ ਬਾਂਸਲ ਉਪਰ ਤਿੱਖੇ ਵਾਰ ਕੀਤੇ ਸਨ। ਸ੍ਰੀ ਮੋਦੀ ਨੇ ਯਾਦ ਕਰਵਾਇਆ ਕਿ ਉਨ੍ਹਾਂ ਨੇ ਹੀ ਚੰਡੀਗੜ੍ਹ ਨੂੰ ਕੈਰੋਸੀਨ-ਫਰੀ ਕਰ ਕੇ ਕਲੋਨੀਆਂ ਵਾਲਿਆਂ ਦੇ ਘਰਾਂ ਤਕ ਰਸੋਈ ਗੈਸ ਦੇ ਕੁਨੈਕਸ਼ਨ ਪਹੁੰਚਾਏ ਸਨ। ਇਸ ਕਾਰਨ ਇਥੇ ਕੈਰੋਸੀਨ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਦੇ ਧੰਦੇ ਬੰਦ ਹੋ ਗਏ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਚੰਡੀਗੜ੍ਹ ਨਾਲ ਗੁੂੜਾ ਸਬੰਧ ਰਿਹਾ ਹੈ ਅਤੇ ਜਿਨਾਂ ਚੰਡੀਗੜ੍ਹ ਦੇ ਲੋਕ ਉਨ੍ਹਾਂ ਨੂੰ ਜਾਣਦੇ ਹਨ, ਉਨਾਂ ਕੋਈ ਹੋਰ ਨਹੀਂ ਜਾਣਦਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਮਤਦਾਨ ਦਾ ਰਿਕਾਰਡ ਕਾਇਮ ਕਰਨ ਦੀ ਅਪੀਲ ਕੀਤੀ ਤੇ ਰੈਲੀ ਵਿਚ ਮੌਜੂਦ ਸਾਰੇ ਲੋਕਾਂ ਨੂੰ ਮੋਬਾਈਲ ਫੋਨਾਂ ਦੀਆਂ ਫਲੈਸ਼ਾਂ ਜਗਵਾ ਕੇ ਭਰਵੇਂ ਮਤਦਾਨ ਲਈ ਹਾਮੀ ਵੀ ਭਰਵਾਈ। ਸ੍ਰੀ ਮੋਦੀ ਦੇ ਭਾਸ਼ਣ ਦੌਰਾਨ ਪੰਡਾਲ ਵਿਚ ਮੋਦੀ-ਮੋਦੀ ਦੇ ਨਾਅਰੇ ਲੱਗਦੇ ਰਹੇ। ਸ੍ਰੀ ਮੋਦੀ ਨੇ ਆਪਣੇ 40 ਮਿੰਟਾਂ ਦੇ ਭਾਸ਼ਣ ਦੌਰਾਨ ਪਾਰਟੀ ਉਮੀਦਵਾਰ ਕਿਰਨ ਖੇਰ ਦਾ ਇਕ ਵਾਰ ਵੀ ਨਾਮ ਨਹੀਂ ਲਿਆ। ਜਦੋਂ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਮਵੀਰ ਭੱਟੀ ਨੇ ਕਿਰਨ ਖੇਰ ਨੂੰ ਸਟੇਜ ’ਤੇ ਬੋਲਣ ਦਾ ਸੱਦਾ ਦਿੱਤਾ ਤਾਂ ਉਨ੍ਹਾਂ ਪਹਿਲਾਂ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਨੂੰ ਬੋਲਣ ਲਈ ਕਿਹਾ। ਇਸ ਕਾਰਨ ਕੁਝ ਸਮਾਂ ਸਟੇਜ ’ਤੇ ਭੰਬਲਭੂਸਾ ਬਣਿਆ ਰਿਹਾ। ਕਿਰਨ ਖੇਰ ਨੇ ਆਪਣੇ ਭਾਸ਼ਣ ਦੌਰਾਨ ਸ੍ਰੀ ਬਾਂਸਲ ਵਿਰੁੱਧ ਤਿੱਖੀ ਸੁਰ ਅਪਨਾਉਂਦਿਆਂ ਕਿਹਾ ਕਿ ਉਹ 15 ਸਾਲ ਕੁਝ ਨਹੀਂ ਕਰਵਾ ਸਕੇ ਅਤੇ ਉਲਟਾ ਉਨ੍ਹਾਂ ਨੇ ਮੁਲਾਜ਼ਮਾਂ ਲਈ ਹਾਊਸਿੰਗ ਸਕੀਮ ਅਤੇ ਫਰੀ ਹੋਲਡ ਸਕੀਮਾਂ ਬੰਦ ਕਰਵਾ ਦਿੱਤੀਆਂ ਸਨ, ਜੋ ਉਨ੍ਹਾਂ (ਖੇਰ) ਨੇ ਖ਼ੁਦ ਖੁੱਲ੍ਹਵਾਈਆਂ ਹਨ। ਕਿਰਨ ਖੇਰ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਯੂਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਉਪਰੋਂ ਪੰਜਾਬ ਦਾ ਤਨਖਾਹ ਕਮਿਸ਼ਨ ਡੀ-ਲਿੰਕ ਕਰਵਾ ਕੇ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਵਾਏਗੀ। ਦਰਅਸਲ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਅਜੇ ਲਾਗੂ ਨਹੀਂ ਹੋਇਆ ਜਦਕਿ ਕੇਂਦਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਜਨਵਰੀ 2016 ਤੋਂ ਲਾਗੂ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਬਾਂਸਲ ਇਕ ਪ੍ਰਾਈਵੇਟ ਕੰਪਨੀ ਰਾਹੀਂ ਝੂਠੇ ਦੋਸ਼ ਲਾ ਰਹੇ ਹਨ ਕਿ ਉਹ (ਖੇਰ) 5 ਸਾਲ ਚੰਡੀਗੜ੍ਹ ਨਹੀਂ ਰਹੀ ਜਦਕਿ ਉਹ ਆਪਣਾ ਘਰ-ਬਾਰ ਛੱਡ ਕੇ ਸ਼ਹਿਰ ਦੀ ਸੇਵਾ ਕਰਦੀ ਰਹੀ ਹੈ।
ਇਸ ਮੌਕੇ ਆਨੰਦਪੁਰ ਸਾਹਿਬ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਭਾਸ਼ਣ ਦੇਣ ਤੋਂ ਬਾਅਦ ਸ੍ਰੀ ਮੋਦੀ ਨੂੰ ਸੁਣੇ ਬਿਨਾਂ ਹੀ ਚਲੇ ਗਏ। ਇਸ ਮੌਕੇ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਤੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ ਨੇ ਵੀ ਸੰਬੋਧਨ ਕੀਤਾ। ਸਟੇਜ ਉਪਰ ਭਾਜਪਾ ਦੇ ਕੌਮੀ ਆਗੂ ਪ੍ਰਭਾਤ ਝਾਅ ਤੇ ਦਿਨੇਸ਼ ਕੁਮਾਰ, ਮੇਅਰ ਰਾਜੇਸ਼ ਕਾਲੀਆ, ਸਤਿੰਦਰ ਸਿੰਘ, ਚੰਦਰ ਸ਼ੇਖਰ, ਰਘਬੀਰ ਅਰੋੜਾ ਮੌਜੂਦ ਸਨ।

  • ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੇ ਕਤਾਰ ਵਿਚ ਖੜ੍ਹੇ ਆਪਣੇ ਪੁਰਾਣੇ ਸਾਥੀ ਮਦਨ ਜੀ ਨੂੰ ਪਛਾਣਦਿਆਂ ਹੀ ਉਨ੍ਹਾਂ ਨਾਲ ਨਿੱਘੀ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਮਦਨ ਜੀ ਵੀ ਸ੍ਰੀ ਮੋਦੀ ਨੂੰ ਮਿਲ ਕੇ ਬਾਗੋਬਾਗ ਹੋ ਗਏ।
  • ਰੈਲੀ ਕਾਰਨ ਆਮ ਲੋਕਾਂ ਨੂੰ ਸੜਕੀ ਜਾਮਾਂ ਸਮੇਤ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੁਲੀਸ ਨੇ ਅੱਜ ਸਵੇਰੇ ਹੀ ਸੈਕਟਰ-43 ਅਤੇ 35 ਦੀਆਂ ਮੁੱਖ ਸੜਕ ਨਾਲ ਲੱਗਦੀਆਂ ਪਾਰਕਿੰਗਾਂ ਸੀਲ ਕਰ ਦਿੱਤੀਆਂ ਸਨ। ਦੁਕਾਨਦਾਰਾਂ ਨੂੰ ਆਪਣੀਆਂ ਗੱਡੀਆਂ ਦੂਰ ਖੜ੍ਹੀਆਂ ਕਰਨੀਆਂ ਪਈਆਂ ਤੇ ਗਾਹਕ ਵੀ ਨਾਮਾਤਰ ਹੀ ਆਏ। ਇਸ ਤੋਂ ਇਲਾਵਾ ਪੁਲੀਸ ਨੇ ਰੈਲੀ ਤੋਂ ਕਈ ਘੰਟੇ ਪਹਿਲਾਂ ਸੈਕਟਰ 35 ਤੇ 36 ਦੇ ਲਾਈਟ ਪੁਆਇੰਟਾਂ ’ਤੇ ਨਾਕੇ ਲਾ ਕੇ ਸੈਕਟਰ-34 ਤੇ 35 ਵੱਲ ਆਉਂਦਾ ਟਰੈਫਿਕ ਰੋਕ ਦਿੱਤਾ ਸੀ। ਇਸੇ ਦੌਰਾਨ ਸੈਕਟਰ 3 ਥਾਣੇ ਦੀ ਪੁਲੀਸ ਨੇ ਰੈਲੀ ਤੋਂ ਪਹਿਲਾਂ ਹੀ ਬਲਜੀਤ ਸਿੰਘ ਖਾਲਸਾ ਨੂੰ ਹਿਰਾਸਤ ਵਿਚ ਲੈ ਲਿਆ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਉਹ ਕੁਝ ਮੁੱਦਿਆਂ ਬਾਰੇ ਸ੍ਰੀ ਮੋਦੀ ਨੂੰ ਮੈਮੋਰੰਡਮ ਦੇਣਗੇ।
  • ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਵੱਲੋਂ ਰੈਲੀ ਵਿਚ ਹਰਿਆਣਾ ਤੇ ਪੰਜਾਬ ਤੋਂ ਲੋਕ ਲਿਆਂਦੇ ਗਏ ਪਰ ਰੈਲੀ ਫਲਾਪ ਰਹੀ। ਉਨ੍ਹਾਂ ਕਿਹਾ ਕਿ ਰੈਲੀ ਤੋਂ ਸਾਫ ਹੋ ਗਿਆ ਹੈ ਕਿ ਚੰਡੀਗੜ੍ਹ ਵਾਸੀ ਕਿਰਨ ਖੇਰ ਨੂੰ ਹਰਾਉਣ ਕਰਨ ਦਾ ਫੈਸਲਾ ਕਰ ਚੁੱਕੇ ਹਨ।
Previous articleYouth injured in Baramulla clashes dies
Next article3 militants, soldier killed in J&K gunfight