ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦੀ ਸਖ਼ਤ ਲੋੜ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਪੰਜ ਸਾਲਾ ਕਾਰਜਕਾਲ ਮੁਲਕ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਤੇ ਜਮਹੂਰੀਅਤ ਲਈ ‘ਮਾਨਸਿਕ ਪੀੜਾ ਨਾਲ ਭਰਿਆ ਤੇ ਵਿਨਾਸ਼ਕਾਰੀ’ ਰਿਹਾ ਹੈ। ਇਕ ਇੰਟਰਵਿਊ ’ਚ ਸਾਬਕਾ ਪ੍ਰਧਾਨ ਮੰਤਰੀ ਨੇ ਸਪੱਸ਼ਟ ਕਿਹਾ ਕਿ ਮੋਦੀ ਦੇ ਹੱਕ ਵਿਚ ਕੋਈ ਲਹਿਰ ਨਹੀਂ ਸੀ ਤੇ ਲੋਕਾਂ ਨੇ ਇਸ ਸਰਕਾਰ ਨੂੰ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹੀ ਸਰਕਾਰ ਹੈ ਜੋ ‘ਸਾਰਿਆਂ ਨੂੰ ਨਾਲ ਲੈ ਕੇ ਵਿਕਾਸ ਦੇ ਰਾਹ ’ਤੇ ਚੱਲਣ ਵਿਚ ਯਕੀਨ ਨਹੀਂ ਰੱਖਦੀ ਤੇ ਅਸ਼ਾਂਤੀ ਦੇ ਦਮ ’ਤੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ’। ਮੋਦੀ ਸਰਕਾਰ ’ਤੇ ਤਿੱਖਾ ਹੱਲਾ ਬੋਲਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਭ੍ਰਿਸ਼ਟਾਚਾਰ ਨੇ ਸਿਖ਼ਰਾਂ ਛੋਹ ਲਈਆਂ ਹਨ ਤੇ ਨੋਟਬੰਦੀ ਆਜ਼ਾਦ ਭਾਰਤ ਦਾ ਸ਼ਾਇਦ ਸਭ ਤੋਂ ‘ਵੱਡਾ ਘੁਟਾਲਾ’ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਦੀ ਪਾਕਿਸਤਾਨ ਨੀਤੀ ਨੂੰ ‘ਲਾਪਰਵਾਹੀ ਵਿਚੋਂ ਉਪਜੀ’ ਦੱਸਦਿਆਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਇਹ ਸਰਕਾਰ ਆਪਣੇ ਫ਼ੈਸਲਿਆਂ ਤੋਂ ਪਲਟਦੀ ਹੀ ਰਹੀ। ਸੰਨ 1990 ਵਿਚ ਦੇਸ਼ ’ਚ ਆਰਥਿਕ ਸੁਧਾਰਾਂ ਦਾ ਮੁੱਢ ਬੰਨ੍ਹਣ ਵਾਲੇ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਵਿਕਾਸ ਦਰ ਹੇਠਾਂ ਜਾ ਰਹੀ ਹੈ ਤੇ ਮੋਦੀ ਸਰਕਾਰ ਅਰਥਵਿਵਸਥਾ ਨੂੰ ‘ਡਾਂਵਾਡੋਲ’ ਛੱਡ ਕੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਰੋਜ਼ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ ਤੇ ਅੰਦਰਖ਼ਾਤੇ ਇਨ੍ਹਾਂ ‘ਭੁਲੇਖਾਪਾਊ ਨੀਤੀਆਂ ਤੇ ਹਿੱਕ ਠੋਕ ਕੇ ਕੀਤੇ ਜਾਂਦੇ ਫੋਕੇ ਦਾਅਵਿਆਂ’ ਖ਼ਿਲਾਫ਼ ਲਹਿਰ ਸਰਗਰਮ ਹੋ ਰਹੀ ਹੈ। ਰਾਸ਼ਟਰਵਾਦ ਤੇ ਅਤਿਵਾਦ ’ਤੇ ਕੇਂਦਰਤ ਭਾਜਪਾ ਦੀ ਚੋਣ ਮੁਹਿੰਮ ’ਤੇ ਟਿੱਪਣੀ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਦੇਖਣਾ ‘ਪੀੜਾਦਾਇਕ’ ਸੀ ਕਿ ਪੁਲਵਾਮਾ ਹਮਲੇ ਤੋਂ ਬਾਅਦ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਦੀ ਬਜਾਏ ਮੋਦੀ ਜਿਮ ਕੋਰਬੈੱਟ ਨੈਸ਼ਨਲ ਪਾਰਕ ’ਚ ‘ਫ਼ਿਲਮ’ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲਾ ‘ਖੁਫ਼ੀਆ ਤੰਤਰ ਤੇ ਸਰਕਾਰ ਦੀ ਵੱਡੀ ਨਾਕਾਮੀ’ ਹੈ ਤੇ ਦੇਸ਼ ਸੁਰੱਖਿਅਤ ਨਹੀਂ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਵੰਡ ਪਾਊ ਨੀਤੀਆਂ ਤੇ ਨਫ਼ਰਤ ਭਾਜਪਾ ਦਾ ਦੂਜਾ ਨਾਂ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਕ ਆਦਮੀ ਆਪਣੀ ਇੱਛਾਵਾਂ ਤੇ ਵਿਚਾਰਧਾਰਾ ਨੂੰ ਭਾਰਤ ਵਰਗੇ ਵਿਭਿੰਨਤਾ ਨਾਲ ਭਰੇ ਮੁਲਕ ਦੇ ਕਰੋੜਾਂ ਲੋਕਾਂ ਉੱਤੇ ਥੋਪ ਕੇ ਕੋਈ ਨਿਆਂ ਨਹੀਂ ਕਰ ਸਕਦਾ। ਵਿਦੇਸ਼ ਨੀਤੀ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਫਰੰਟ ’ਤੇ ਹਮੇਸ਼ਾ ਕੌਮੀ ਹਿੱਤ ਪਹਿਲਾਂ ਰੱਖੇ ਹਨ। ਇਹ ਕਿਸੇ ‘ਇਕ ਨੂੰ ਚਮਕਾਉਣ ’ਤੇ ਕੇਂਦਰਤ ਨਹੀਂ ਰਹੀ’।
HOME ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਦਾ ਵੇਲਾ ਆਇਆ: ਮਨਮੋਹਨ