ਮੋਦੀ ਨੂੰ ਪੰਜਾਬ ਦੇ ਲੋਕਾਂ ਕੋਲੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ: ਅਮਰਿੰਦਰ

ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਫੇਰੀਆਂ ਨੂੰ ਲੈ ਕੇ ਉਨ੍ਹਾਂ ’ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਢੀਠਪੁਣੇ ਦੀ ਵੀ ਕੋਈ ਹੱੱਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਕੁਝ ਵੀ ਨਾ ਕਰਨ ਦੇ ਬਾਵਜੂਦ ਉਹ ਪੰਜਾਬ ਦੇ ਲੋਕਾਂ ਕੋਲ਼ੋਂ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਕੋਲੋਂ ਵੋਟਾਂ ਮੰਗਣ ਦਾ ਮੋਦੀ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਕਿਉਂਂਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਬੇਨਤੀਆਂ ਦੇ ਬਾਵਜੂਦ ਪੰਜਾਬ ਅਤੇ ਇਥੋਂ ਦੇ ਲੋਕਾਂ ਪ੍ਰਤੀ ਜ਼ਾਲਮਾਨਾ ਰਵੱਈਆ ਅਪਣਾਈਂ ਰੱਖਿਆ ਅਤੇ ਪੰਜਾਬੀਆਂ ਨੂੰ ਗੰਭੀਰ ਸਮੱਸਿਆਵਾਂ ਵੱਲ ਧਕੇਲਿਆ ਹੈ। ਇਹ ਗੱਲਾਂ ਮੁੱਖ ਮੰਤਰੀ ਨੇ ਅੱਜ ਇਥੇ ਮੋਤੀ ਬਾਗ ਪੈਲੇਸ ਵਿਖੇ ਹੋਈ ਗੱਲਬਾਤ ਦੌਰਾਨ ਅਤੇ ਵੀਰਵਾਰ ਰਾਤੀ ਪਟਿਆਲਾ ’ਚ ਹੋਏ ਇੱਕ ਚੋਣ ਜਲਸੇ ਨੂੂੰ ਸੰਬੋਧਨ ਕਰਦਿਆਂ ਕਹੀਆਂ। ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਇਹ ਚੋਣ ਜਲਸਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਦੇਖਰੇਖ ਹੇਠਾਂ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਪਟਿਆਲਾ ਦਿਹਾਤੀ ਵਿਚਲੀ ਇਥੇ ਡੀਐਮਡਬਲਿਊ ਕਲੋਨੀ ਵਿਚ ਹੋਇਆ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਕੇਂਦਰ ਵੱਲੋਂ ਪੰਜਾਬ ਨਾਲ਼ ਕੀਤੇ ਜਾ ਰਹੇ ਵਿਤਕਰੇ ਸਮੇਤ ਕੇਂਦਰ ਦੀਆਂ ਹੋਰ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਵਾਸੀਆਂ ਵਿਚ ਭਾਜਪਾ ਤੇ ਇਨ੍ਹਾਂ ਦੀ ਭਾਈਵਾਲ ਪਾਰਟੀ ਅਕਾਲੀ ਦਲ ਪ੍ਰਤੀ ਭਾਰੀ ਰੋਹ ਹੈ। ਉਧਰ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਤੀ ਕਰਜ਼ਾ ਮੁਆਫ਼ੀ ਸਕੀਮ ਲਾਗੂ ਕਰਕੇ ਨਾ ਕੇਵਲ ਵਾਅਦਾ ਪੂਰਾ ਕੀਤਾ, ਸਗੋਂ ਸੂਬੇ ਦੇ ਪ੍ਰਾਇਮਰੀ ਸਿਹਤ ਬੀਮੇ ਦਾ ਵੀ ਪਸਾਰ ਕੀਤਾ ਹੈ, ਜਿਸ ਹੇਠ 42 ਲੱਖ ਪਰਿਵਾਰਾਂ ਨੂੰ ਲਿਆਂਦਾ ਗਿਆ ਹੈ। ਜਦਕਿ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ ਦੇ ਹੇਠ ਕੇਵਲ 14.96 ਲੱਖ ਐਸ ਈ ਸੀ ਸੀ ਪਰਿਵਾਰਾਂ ਨੂੰ ਹੀ ਰੱਖਿਆ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਡਾ. ਮਨਮੋਹਨ ਸਿੰਘ ਨੇ ਅਕਾਲੀ ਸਰਕਾਰ ਦੀਆਂ ਵੀ ਪੰਜਾਬ ਨਾਲ਼ ਸਬੰਧਤ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ 1.2 ਲੱਖ ਸਰਕਾਰੀ ਅਸਾਮੀਆਂ ਨੂੰ ਭਰੇਗੀ, ਜਿਹੜੀਆਂ ਅਕਾਲੀ ਭਰਨ ਵਿੱਚ ਅਸਫਲ ਰਹੇ ਸਨ। ਇਸ ਦੌਰਾਨ ਪ੍ਰਨੀਤ ਕੌਰ ਅਤੇ ਸਿਹਤ ਮੰਤਰੀ ਬ੍ਰਹਮ ਮਹਿੰੰਦਰਾ ਨੇ ਵੀ ਮੋਦੀ ਅਤੇ ਬਾਦਲ ਸਰਕਾਰ ਨੂੰ ਖੂਬ ਕੋਸਿਆ।

Previous articleਬੇਅਦਬੀ ਦੇ ਮੁੱਦੇ ’ਤੇ ਵਿਰੋਧੀ ਖੇਡ ਰਹੇ ਨੇ ਗੰਦੀ ਸਿਆਸਤ: ਸੁਖਬੀਰ
Next articleਪਰਚੇ ਵੰਡਣ ਖਿਲਾਫ਼ ਆਤਿਸ਼ੀ ਨੇ ਮਹਿਲਾ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ