ਮੋਦੀ ਨੂੰ ਗਲੇ ਮਿਲਣ ਵੇਲੇ ਦਿਲ ਵਿਚ ਕੋਈ ਨਫ਼ਰਤ ਨਹੀਂ ਸੀ: ਰਾਹੁਲ

ਪ੍ਰਧਾਨ ਮੰਤਰੀ ’ਤੇ ਕੁਝ ਕਾਰੋਬਾਰੀਆਂ ਲਈ ‘ਚੌਕੀਦਾਰੀ’ ਕਰਨ ਦਾ ਦੋਸ਼;

ਰਾਫਾਲ ਸੌਦੇ ’ਤੇ ਭਾਜਪਾ ਨੂੰ ਘੇਰਿਆ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਨਫਰਤ ਦਾ ਨਹੀਂ ਬਲਕਿ ਪਿਆਰ ਦਾ ਦੇਸ਼ ਹੈ ਅਤੇ ਨਫਰਤ ਨੂੰ ਪਿਆਰ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਲੋਕ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਮਿਲੇ ਸੀ ਤਾਂ ਉਨ੍ਹਾਂ ਦੇ ਦਿਲ ’ਚ ਕਿਸੇ ਤਰ੍ਹਾਂ ਦੀ ਨਫਰਤ ਨਹੀਂ ਸੀ। ਇਸੇ ਦੌਰਾਨ ਰਾਫਾਲ ਸੌਦੇ ਬਾਰੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਫਰਾਂਸੀਸੀ ਲੜਾਕੂ ਜਹਾਜ਼ ਸੌਦੇ ਲਈ ਪ੍ਰਧਾਨ ਮੰਤਰੀ ਨੇ ਸਿੱਧਾ ਦਖਲ ਦਿੱਤਾ ਹੈ। ਅੱਜ ਅਜਮੇਰ ’ਚ ਕਾਂਗਰਸ ਸੇਵਾ ਦਲ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਸ੍ਰੀ ਗਾਂਧੀ ਨੇ ਕਿਹਾ, ‘ਚੌਕੀਦਾਰ ਨੇ ਅਨਿਲ ਅੰਬਾਨੀ ਅਤੇ ਕੁਝ ਕਾਰੋਬਾਰੀਆਂ ਦੀ ਹੀ ਚੌਕੀਦਾਰੀ ਕੀਤੀ ਹੈ।’ ਉਨ੍ਹਾਂ ਆਰਐੱਸਐੱਸ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਦੇਸ਼ ਨੂੰ ਵੰਡਣ ਤੇ ਨਫਰਤ ਫੈਲਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ 2019 ’ਚ ਇਨ੍ਹਾਂ ਨੂੰ (ਭਾਜਪਾ) ਹਰਾਉਣਗੇ ਪਰ ਮਿਟਾਉਣਗੇ ਨਹੀਂ। ਉਨ੍ਹਾਂ ਕਿਹਾ, ‘ਤੁਸੀਂ ਸੰਸਦ ’ਚ ਦੇਖਿਆ। ਇੱਕ ਪਾਸੇ ਨਰਿੰਦਰ ਮੋਦੀ ਮੇਰੇ ਪਰਿਵਾਰ ਬਾਰੇ, ਮੇਰੇ ਬਾਰੇ ਪੁੱਠੀਆਂ-ਸਿੱਧੀਆਂ ਗੱਲਾਂ ਕਰਦੇ ਹਨ। ਗਾਲ੍ਹਾਂ ਦਿੰਦੇ ਹਨ। ਪੂਰੀ ਕਾਂਗਰਸ ਪਾਰਟੀ ਦਾ ਅਪਮਾਨ ਕਰਦੇ ਹਨ। ਉਹ ਕਹਿੰਦੇ ਹਨ ਕਿ ਕਾਂਗਰਸ ਨੂੰ ਖਤਮ ਕਰ ਦੇਵਾਂਗੇ ਅਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਲੋਕ ਸਭਾ ’ਚ ਜਾ ਕੇ ਉਨ੍ਹਾਂ ਦੇ ਗਲੇ ਲਗਦਾ ਹੈ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜਦੋਂ ਮੈਂ ਮੋਦੀ ਜੀ ਦੇ ਗਲੇ ਮਿਲਿਆ ਤਾਂ ਮੇਰੇ ਦਿਲ ’ਚ ਉਨ੍ਹਾਂ ਲਈ ਨਫਰਤ ਨਹੀਂ ਸੀ।’ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਸ੍ਰੀ ਗਾਂਧੀ ਨੇ ਕਿਹਾ, ‘ਨਰਿੰਦਰ ਮੋਦੀ ਕਿਸਾਨਾਂ ਲਈ ਵੱਡੇ ਵੱਡੇ ਭਾਸ਼ਣ ਦਿੰਦੇ ਹਨ ਤੇ ਉਨ੍ਹਾਂ ਨਾਲ ਵਾਅਦੇ ਕਰਦੇ ਹਨ ਫਿਰ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਅਨਿਲ ਅੰਬਾਨੀ, ਨੀਰਵ ਮੋਦੀ, ਮੇਹੁਲ ਚੋਕਸੀ, ਲਲਿਤ ਮੋਦੀ, ਵਿਜੈ ਮਾਲਿਆ ਦਾ ਕਰਜ਼ਾ ਮੁਆਫ਼ ਕਰ ਦਿੰਦੇ ਹਨ।’ ਇਸੇ ਤਰ੍ਹਾਂ ਵਲਸਾਡ ਜ਼ਿਲ੍ਹੇ ’ਚ ਜਨਤਕ ਰੈਲੀ ਦੌੌਰਾਨ ਉਨ੍ਹਾਂ ਰਾਫਾਲ ਸੌਦੇ ਬਾਰੇ ਕਿਹਾ ਕਿ ਫਰਾਂਸ ’ਚ ਵੀ ‘ਚੌਕੀਦਾਰ ਚੋਰ ਹੈ’ ਦਾ ਨਾਅਰਾ ਮਸ਼ਹੂਰ ਹੋ ਗਿਆ ਹੈ ਅਤੇ ਫਰਾਂਸ ਦੇ ਰਾਸ਼ਟਰਪਤੀ ਵੀ ਇਹੀ ਕਹਿੰਦੇ ਹਨ।

Previous articleਦਿੱਲੀ ਬਨਾਮ ਕੇਂਦਰ: ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਨੂੰ ਝਟਕਾ
Next articleਆਸਟਰੇਲੀਆ ’ਚ ਇੱਕ ਰੋਜ਼ਾ ਲਈ ਖਲੀਲ ਅਤੇ ਉਨਾਦਕਟ ਬਾਰੇ ਚਰਚਾ ਕਰਨਗੇ ਚੋਣਕਾਰ