ਮਾਥਾਭਾਂਗਾ (ਪੱਛਮੀ ਬੰਗਾਲ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਤੀ ਜੇਕਰ ਮੁੜ ਸੱਤਾ ਵਿਚ ਆਏ ਤਾਂ ਉਹ ਸੰਵਿਧਾਨ ਨੂੰ ਠੁਕਰਾ ਦੇਣਗੇ ਅਤੇ ਦੇਸ਼ ਨੂੰ ਲੋਕਤੰਤਰ ਦੀ ਥਾਂ ਇੱਕ ਹੀ ਵਿਅਕਤੀ ਉੱਤੇ ਕੇਂਦਰਿਤ ਦੇਸ਼ ਬਣਾ ਦੇਣਗੇ। ਉਨ੍ਹਾਂ ਕੂਚਬਿਹਾਰ ਵਿਚ ਇੱਕ ਰੈਲੀ ਵਿਚ ਕਿਹਾ ਕਿ ਮੋਦੀ ਦੇ ਤਿੰਨ ਨਾਅਰੇ ਹਨ- ਲੁੱਟ, ਦੰਗੇ ਅਤੇ ਲੋਕਾਂ ਦੀ ਹੱਤਿਆ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਹੀ ਸਰਕਾਰ ਸੀ ਜਿਸਨੇ ਬੰਗਲਾਦੇਸ਼ ਨਾਲ ਸਾਲ 2015 ਵਿਚ ਛੇ ਦਹਾਕਿਆਂ ਤੱਕ ਚੱਲੇ ਬਸਤੀਆਂ ਦੇ ਮੁੱਦੇ ਦਾ ਹੱਲ ਕੱਢਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਾਗਰਿਕਤਾ (ਸੋਧ) ਬਿੱਲ ਰਾਹੀਂ ਦੇਸ਼ ਦੇ ਕਾਨੂੰਨੀ ਨਾਗਰਿਕਾਂ ਨੂੰ ਸ਼ਰਨਾਰਥੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ,‘ਅਸੀਂ (ਤ੍ਰਿਣਮੂਲ ਕਾਂਗਰਸ) ਕਦੇ ਕੌਮੀ ਨਾਗਰਿਕਤਾ ਕਮਿਸ਼ਨ (ਐੱਨਆਰਸੀ) ਨੂੰ ਆਗਿਆ ਨਹੀਂ ਦੇਣਗੇ। ਮੋਦੀ ਇਹ ਫੈਸਲਾ ਕਰਨ ਵਾਲੇ ਕੌਣ ਹੁੰਦੇ ਹਨ ਕਿ ਦੇਸ਼ ਵਿਚ ਕੌਣ ਰਹੇਗਾ ਅਤੇ ਕੌਣ ਜਾਵੇਗਾ। ਨਾਗਰਿਕਤਾ ਸੋਧ ਬਿੱਲ ਦੇਸ਼ ਦੇ ਕਾਨੂੰਨੀ ਨਾਗਰਿਕਾਂ ਨੂੰ ਸ਼ਰਨਾਰਥੀ ਬਣਾਉਣ ਦੀ ਇੱਕ ਹੋਰ ਸਾਜਿਸ਼ ਹੈ। ਸਾਨੂੰ ਉਨ੍ਹਾਂ ਦੀ (ਭਾਜਪਾ) ਖ਼ਤਰਨਾਕ ਸਾਜਿਸ਼ ਤੋਂ ਸੁਚੇਤ ਰਹਿਣਾ ਪਵੇਗਾ।’ ਉਨ੍ਹਾਂ ਕਿਹਾ ਕਿ ਸਾਲ 2014 ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨ ਵਿਚ ਨਾਕਾਮ ‘ਚਾਹ ਵਾਲਾ’ ਹੁਣ ਲੋਕਾਂ ਨੂੰ ਮੂਰਖ ਬਣਾਉਣ ਲਈ ‘ਚੌਕੀਦਾਰ’ ਬਣ ਗਿਆ ਹੈ।