ਨਿਊਯਾਰਕ (ਸਮਾਜ ਵੀਕਲੀ): ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਫ਼ੀਰ ਟੀ ਐੱਸ ਤਿਰੂਮੂਰਤੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਊੱਚ ਪੱਧਰੀ ਮੀਟਿੰਗ ਅਤੇ ਆਮ ਇਜਲਾਸ ਨੂੰ ਸੰਬੋਧਨ ਕਰਨਗੇ। ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਊਹ ਜਿਸ ਨਜ਼ਰੀਏ ਨੂੰ ਪੇਸ਼ ਕਰਨਗੇ, ਊਹ ਕਾਫ਼ੀ ਅਹਿਮ ਹੋਵੇਗਾ।
ਸੰਯੁਕਤ ਰਾਸ਼ਟਰ ਦਾ ਸਾਲਾਨਾ ਆਮ ਇਜਲਾਸ 21 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ’ਤੇ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ ਕਈ ਅਹਿਮ ਮੁੱਦਿਆਂ ’ਤੇ ਚਰਚਾ ਕਰਨਗੇ। ਭਾਰਤ ਨੂੰ ਦੋ ਸਾਲ ਲਈ ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੁਰੱਖਿਆ ਕੌਂਸਲ ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ, ਜਿਸ ਦਾ ਕਾਰਜਕਾਲ ਪਹਿਲੀ ਜਨਵਰੀ 2021 ਤੋਂ ਸ਼ੁਰੂ ਹੋਵੇਗਾ।
ਤਿਰੂਮੂਰਤੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨਗੇ ਅਤੇ ਊਹ ਖ਼ਾਸ ਕਰਕੇ ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਜਿਸ ਨਜ਼ਰੀਏ ਨੂੰ ਪੇਸ਼ ਕਰਨਗੇ, ਊਹ ਕਾਫ਼ੀ ਅਹਿਮ ਹੋਵੇਗਾ।’’ ਆਮ ਬਹਿਸ 22 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ 29 ਸਤੰਬਰ ਤੱਕ ਚੱਲੇਗੀ। ਪ੍ਰਧਾਨ ਮੰਤਰੀ ਮੋਦੀ 26 ਸਤੰਬਰ ਨੂੰ ਰਿਕਾਰਡ ਬਿਆਨ ਰਾਹੀਂ ਇਜਲਾਸ ਨੂੰ ਸੰਬੋਧਨ ਕਰਨਗੇ। ਸੰਯੁਕਤ ਰਾਸ਼ਟਰ ਦੇ 75 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਮੈਂਬਰ ਦੇਸ਼ਾਂ ਦੇ ਮੁਖੀ ਕੋਵਿਡ-19 ਕਾਰਨ ਇਸ ਆਮ ਇਜਲਾਸ ਵਿੱਚ ਹਿੱਸਾ ਨਹੀਂ ਲੈ ਸਕਣਗੇ।