ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸ੍ਰੀਲੰਕਾਈ ਹਮਰੁਤਬਾ ਮਹਿੰਦਾ ਰਾਜਪਕਸੇ ਨਾਲ 26 ਸਤੰਬਰ ਨੂੰ ਵਰਚੁਅਲ ਮੀਟਿੰਗ ਕਰਨਗੇ। ਇਸ ਡਿਜੀਟਲ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਦੀ ਸਾਂਝੇ ਤੌਰ ’ਤੇ ਵਿਆਪਕ ਸਮੀਖਿਆ ਕਰਨ ਦੀ ਉਮੀਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਕੋਵਿਡ-19 ਮਗਰੋਂ ਆਪਸੀ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੇ ਰਾਹ ਵੀ ਤਲਾਸ਼ਣੇ ਚਾਹੀਦੇ ਹਨ। ਮੋਦੀ ਨੇ ਇਹ ਗੱਲਾਂ ਰਾਜਪਕਸੇ ਦੇ ਇੱਕ ਟਵੀਟ ਦੇ ਜਵਾਬ ਵਿੱਚ ਕਹੀਆਂ, ਜਿਸ ਵਿੱਚ ਉਨ੍ਹਾਂ ਨੇ 26 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਸਬੰਧੀ ਉਤਸੁਕਤਾ ਵਿਖਾਈ ਸੀ। ਰਾਜਪਕਸੇ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 26 ਸਤੰਬਰ ਨੂੰ ਤੈਅ ਵਰਚੁਅਲ ਮੀਟਿੰਗ ਵਿੱਚ ਵਿਆਪਕ ਗੱਲਬਾਤ ਹੋਣ ਦੀ ਉਮੀਦ ਹੈ। ਦੋਵਾਂ ਦੇਸ਼ਾਂ ਵਿਚਾਲੇ ਸਿਆਸਤ ਤੋਂ ਲੈ ਕੇ ਅਰਥ ਵਿਵਸਥਾ, ਰੱਖਿਆ, ਸੈਰ-ਸਪਾਟਾ ਅਤੇ ਆਪਸੀ ਹਿੱਤਾਂ ਨਾਲ ਜੁੜੇ ਹੋਰ ਖੇਤਰਾਂ ਵਿੱਚ ਬਹੁਮੁਖੀ ਦੁਵੱਲੇ ਸਬੰਧਾਂ ਬਾਰੇ ਸਮੀਖਿਆ ਹੋਣ ਦੀ ਉਮੀਦ ਹੈ।