ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਟੈਲੀਫੋਨ ’ਤੇ ਗੱਲਬਾਤ ਕਰਦਿਆਂ ਭਾਰਤ ਅਤੇ ਰੂਸ ਵਿਚਾਲੇ ‘ਵਿਸ਼ੇਸ਼ ਅਤੇ ਅਧਿਕਾਰਤ ਰਣਨੀਤਕ ਭਾਈਵਾਲੀ’ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ।
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸ੍ਰੀ ਮੋਦੀ ਨੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਵਾਸਤੇ ਸ੍ਰੀ ਪੂਤਿਨ ਦੀ ਨਿੱਜੀ ਵਚਨਬੱਧਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਾਰਤ ਵਿੱਚ ਅਗਲੇ ਭਾਰਤ-ਰੂਸ ਸੰਮੇਲਨ ’ਚ ਉਨ੍ਹਾਂ ਦਾ ਸਵਾਗਤ ਕਰਨ ਲਈ ਤਿਆਰ ਹਨ।ਇਹ ਟੈਲੀਫੋਨ ਰੂਸੀ ਰਾਸ਼ਟਰਪਤੀ ਪੂਤਿਨ ਵੱਲੋਂ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ, ‘ਦੋਵੇਂ ਨੇਤਾਵਾਂ ਨੇ ਭਾਰਤ ਅਤੇ ਰੂਸ ਵਿਚਾਲੇ ਵਿਸ਼ੇਸ਼ ਅਤੇ ਅਧਿਕਾਰਤ ਰਣਨੀਤਕ ਭਾਈਵਾਲੀ’ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਚਨਬੱਧਤਾ ਦੁਹਰਾਈ ਅਤੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਦੁਵੱਲੀ ਗੱਲਬਾਤ ਨੂੰ ਗਤੀਸ਼ੀਲ ਰੱਖਣ ’ਤੇ ਖੁਸ਼ੀ ਪ੍ਰਗਟਾਈ।’
ਇਸ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਹਾਲ ’ਚ ਹੀ ਮਾਸਕੋ ਦੇ ਕੀਤੇ ਦੌਰਿਆਂ ਬਾਰੇ ਵੀ ਜ਼ਿਕਰ ਕੀਤਾ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਸ੍ਰੀ ਮੋਦੀ ਨੇ ਇਸ ਸਾਲ ਰੂਸ ਵੱਲੋਂ ਐੱਸਸੀਓ ਅਤੇ ਬਰਿਕਸ ਦੀ ਸਫਲਤਾਪੂਰਵਕ ਅਗਵਾਈ ਲਈ ਸ੍ਰੀ ਪੂਤਿਨ ਦਾ ਧੰਨਵਾਦ ਵੀ ਕੀਤਾ।