ਹਿਊਸਟਨ ਦੇ ਐੱਨਆਰਜੀ ਸਟੇਡੀਅਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੌਜੂਦਗੀ ਵਿੱਚ 50 ਹਜ਼ਾਰ ਤੋਂ ਵੱਧ ਭਾਰਤੀ ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟਰੰਪ ਦੇ ਰੂਪ ਵਿੱਚ ਅਮਰੀਕੀ ਵ੍ਹਾਈਟ ਹਾਊਸ ਵਿੱਚ ਭਾਰਤ ਦਾ ਸੱਚਾ ਮਿੱਤਰ ਮੌਜੂਦ ਹੈ। ‘ਅਬ ਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਟਰੰਪ ਕਿਸੇ ਤੁਆਰਫ਼ ਦੇ ਮੁਥਾਜ ਨਹੀਂ ਹਨ ਤੇ ਆਲਮੀ ਸਿਆਸਤ ਵਿੱਚ ਅਮਰੀਕੀ ਸਦਰ ਦੀ ਵੱਡੀ ਮੌਜੂਦਗੀ ਹੈ ਅਤੇ ਹਰ ਪਾਸੇ ਉਨ੍ਹਾਂ ਦਾ ਜ਼ਿਕਰ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਟਰੰਪ ਵਿੱਚ ਆਪਣਾਪਣ ਵਿਖਾਈ ਦਿੰਦਾ ਹੈ। ਅਮਰੀਕੀ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਲਈ ਟਰੰਪ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2017 ਵਿੱਚ ਸ੍ਰੀ ਟਰੰਪ ਨੇ ਪਹਿਲੀ ਵਾਰ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਾਇਆ ਸੀ, ਤੇ ਅੱਜ ਉਨ੍ਹਾਂ (ਮੋਦੀ ਨੂੰ) ਨੂੰ ਅਮਰੀਕੀ ਸਦਰ ਨੂੰ ਆਪਣੇ ਪਰਿਵਾਰ (ਭਾਰਤੀ-ਅਮਰੀਕੀ) ਨਾਲ ਮਿਲਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੋਵਾਂ ਮੁਲਕਾਂ ਦੇ ਸਬੰਧ ਨਵੀਆਂ ਬੁਲੰਦੀਆਂ ’ਤੇ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ਦਾ ਵਿਸ਼ੇਸ਼ ਤੌਰ ’ਤੇ ਕੀਤਾ ਜ਼ਿਕਰ ਕਰਦਿਆਂ ਪਾਿਕਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਨਾਂ ਨਾਂ ਲਏ ਕਿਹਾ ਕਿ ਜਿਨ੍ਹਾਂ ਤੋਂ ਆਪਣਾ ਮੁਲਕ ਨਹੀਂ ਸੰਭਲਿਆ ਉਨ੍ਹਾਂ ਨੂੰ ਭਾਰਤ ਦੇ ਇਸ ਫੈਸਲੇ ਤੋਂ ਦਿੱਕਤ ਹੈ। ਉਨ੍ਹਾਂ ਨੇ ਪਾਿਕਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘9/11 ਅਤੇ 26/11 ਦੇ ਹਮਲਿਆਂ ਦੇ ਸਾਜ਼ਿਸ਼ੀ ਤੁਹਾਨੂੰ ਕਿਥੇ ਿਮਲਦੇ ਨੇ।’’ ਸ੍ਰੀ ਮੋਦੀ ਨੇ ਕਿਹਾ ਕਿ ਅਤਿਵਾਦ ਵਿਰੁੱਧ ਟਰੰਪ ਸਾਡੇ ਨਾਲ ਹੈ ਅਤੇ ਅਤਿਵਾਦ ਵਿਰੁੱਧ ਫੈਸਲਾਕੁੰਨ ਲੜਾਈ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਸ੍ਰੀ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ। ਮੋਦੀ ਨੇ ਸਮਾਗਮ ’ਚ ਹਾਜ਼ਰ ਲੋਕਾਂ ਨੂੰ ਕਿਹਾ ਕਿ ਉਹ ਧਾਰਾ 370 ਹਟਾਉਣ ਦੇ ਫੈਸਲੇ ਦੇ ਮੋਹਰ ਲਾਉਣ ਲਈ ਭਾਰਤੀ ਸੰਸਦ ਮੈਂਬਰਾਂ ਦੀ ਖੜ੍ਹੇ ਹੋ ਕੇ ਸ਼ਲਾਘਾ ਕਰਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਖਿਆ, ‘‘ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਸਾਡੇ ਉਦਾਰ ਅਤੇ ਜਮਹੂਰੀ ਸਮਾਜ ਦੀ ਪਛਾਣ ਹਨ। ਵਿਭਿੰਨਤਾ ਸਾਡੀ ਜਮਹੂਰੀਅਤ ਦਾ ਆਧਾਰ ਹੈ। ਹਾਲ ਹੀ ਵਿੱਚ ਹੀ ਹੋਈਆਂ ਚੋਣਾਂ ਨੇ ਸਮੁੱਚੇ ਵਿਸ਼ਵ ਨੂੰ ਭਾਰਤ ਦੀ ਮਹਾਨਤਾ ਦੇ ਦਰਸ਼ਨ ਕਰਵਾਏ ਹਨ। ਇਨ੍ਹਾਂ ਚੋਣਾਂ ਵਿੱਚ ਅਮਰੀਕਾ ਦੀ ਵਸੋਂ ਤੋਂ ਦੁੱਗਣੇ 61 ਕਰੋੜ ਲੋਕਾਂ ਨੇ ਵੋਟਾਂ ਦੇ ਅਮਲ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ, ‘‘ਭਾਰਤ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਦਿਨ-ਰਾਤ ਇਕ ਕਰ ਰਿਹਾ ਹੈ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਦੂਜੀ ਵਾਰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਮੋਦੀ ਨੂੰ ਵਿਸ਼ਵ ਦਾ ਮਹਾਨ ਤੇ ਦੂਰਅੰਦੇਸ਼ੀ ਸੋਚ ਵਾਲਾ ਆਗੂ ਦੱਸਿਆ। ਉਨ੍ਹਾਂ ਅਮਰੀਕਾ ਦੀ ਤਰੱਕੀ ਵਿੱਚ ਭਾਰਤੀ ਭਾਈਚਾਰੇ ਵੱਲੋਂ ਪਾਏ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਰਤੀ-ਅਮਰੀਕੀ ਕੰਪਨੀਆਂ ਵਿੱਚ ਵੀ ਅਮਰੀਕੀ ਨਾਗਰਿਕ ਨੌਕਰੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦੋਵਾਂ ਮੁਲਕਾਂ ਦੇ ਸਬੰਧ ਬਹੁਤ ਮਜ਼ਬੂਤ ਹਨ ਅਤੇ ਉਹ ਮੋਦੀ ਨਾਲ ਮਿਲ ਕੇ ਇਨ੍ਹਾਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਸੰਵਿਧਾਨ ਵਿੱਚ ਇਹ ਗੱਲ ਸਾਂਝੀ ਹੈ ਕਿ ਸਰਕਾਰਾਂ ਲੋਕਾਂ ਦੀ ਬਿਹਤਰੀ ਲਈ ਹਨ। ਵਿਸ਼ਵ ਵਿੱਚ ਭਾਰਤ ਤੇ ਅਮਰੀਕਾ ਦੇ ਨਾਗਰਿਕ ਖ਼ੁਸ਼ਹਾਲ ਹੋ ਰਹੇ ਹਨ ਅਤੇ ਦੋਵਾਂ ਮੁਲਕਾਂ ਦੀ ਅਰਥਵਿਵਸਥਾ ਬਿਹਤਰ ਹੋਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਉਨ੍ਹਾਂ (ਟਰੰਪ ਦੇ) ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰੀ ਸਭ ਤੋਂ ਵੱਧ ਘਟੀ ਹੈ ਅਤੇ ਲੋਕਾਂ ਨੂੰ ਟੈਕਸਾਂ ਵਿੱਚ ਸਭ ਤੋਂ ਵੱਧ ਛੋਟ ਮਿਲੀ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਕਿ ਦੋਵੇਂ ਦੇਸ਼ ਇਸਲਾਮੀ ਕੱਟੜਵਾਦ ਨਾਲ ਲੜਨ ਲਈ ਇਕਜੁਟ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੋਵੇਂ ਲੋਕਾਂ ਨੂੰ ਗਰੀਬੀ ਤੇ ਗੁਰਬਤ ਤੋਂ ਬਾਹਰ ਕੱਢਣਗੇ। ਉਨ੍ਹਾਂ ਅਮਰੀਕਾ ਵਿੱਚ ਗੈਰਕਾਨੂੰਨੀ ਪਰਵਾਸ ਦੀ ਸਮੱਸਿਆ ਨੂੰ ਗੰਭੀਰ ਦੱਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੈਲੀ ਵਾਲੀ ਥਾਂ ਪੁੱਜਣ ’ਤੇ ਐੱਨਆਰੀਜੀ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਮੋਦੀ ਦੋ ਵਾਰ ਹੱਥ ਜੋੜ ਕੇ ਉਨ੍ਹਾਂ ਅੱਗੇ ਨਤਮਸਤਕ ਹੋਏ। ਇਸ ਮੌਕੇ ਮੰਚ ’ਤੇ ਵੱਖ ਵੱਖ ਅਮਰੀਕੀ ਰਾਜਾਂ ਦੇ ਦੋ ਦਰਜਨ ਗਵਰਨਰਾਂ ਤੋਂ ਇਲਾਵਾ ਅਮਰੀਕੀ ਕਾਂਗਰਸ ਦੇ ਨੁਮਾਇੰਦੇ ਵੀ ਮੌਜੂਦ ਸਨ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਸ੍ਰੀ ਮੋਦੀ ਦਾ ਸਵਾਗਤ ਕਰਦਿਆਂ ਸਮਾਗਮ ਦੀ ਅਹਿਮੀਅਤ ’ਤੇ ਚਾਨਣਾ ਪਾਇਆ। ਟਰਨਰ ਨੇ ਕਿਹਾ ਕਿ ਹਿਊਸਟਨ ਸ਼ਹਿਰ ਦੇ ਵਿਕਾਸ ਵਿੱਚ ਭਾਰਤੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ, ‘ਮੈਂ ਹਿਊਸਟਨ ਵਿੱਚ ਮੋਦੀ ਨੂੰ ਹਾਓਡੀ (ਤੁਹਾਡਾ ਕੀ ਹਾਲ ਹੈ) ਕਹਿਣ ਵਿੱਚ ਮਾਣ ਮਹਿਸੂਸ ਕਰ ਰਿਹਾ ਹਾਂ।’ ਮਗਰੋਂ ਟਰਨਰ ਨੇ ਸ੍ਰੀ ਮੋਦੀ ਨੂੰ ਹਿਊਸਟਨ ਸ਼ਹਿਰ ਦੀ ਚਾਬੀ ਵੀ ਸੌਂਪੀ। ਉਂਜ ਇਹ ਸਾਰਾ ਸਮਾਗਮ, ਜਿਸ ਦੀ ਟੈਗਲਾਈਨ ‘ਸ਼ੇਅਰਡ ਡਰੀਮਜ਼, ਬ੍ਰਾਈਟ ਫਿਊਚਰਜ਼’ ਸੀ, ਗੈਰ-ਮੁਨਾਫ਼ੇ ਵਾਲੀ ਟੈਕਸਸ ਇੰਡੀਆ ਫੋਰਮ ਵੱਲੋਂ ਵਿਉਂਤਿਆ ਗਿਆ ਹੈ।
ਇਸ ਤੋਂ ਪਹਿਲਾਂ ਐੱਨਆਰਜੀ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਉਡੀਕ ਕਰ ਰਹੇ ਦਰਸ਼ਕਾਂ ਦੇ ਮਨੋਰੰਜਨ ਲਈ ਚਾਰ ਸੌ ਤੋਂ ਵੱਧ ਕਲਾਕਾਰਾਂ ਨੇ ਪੇਸ਼ਕਾਰੀ ਦਿੱਤੀ। ਰਵਾਇਤੀ ਭਾਰਤੀ ਪੁਸ਼ਾਕਾਂ ਪਾਈ ਕਲਾਕਾਰਾਂ ਨੇ ਢੋਲ ਢਮੱਕਿਆਂ ਤੇ ਮਿਨੀ ਡਾਂਸ ਪੇਸ਼ਕਾਰੀ ਨਾਲ ਸਟੇਡੀਅਮ ਵਿੱਚ ਮੌਜੂਦ ਪੰਜਾਹ ਹਜ਼ਾਰ ਦਰਸ਼ਕਾਂ ਨੂੰ ਆਪਣੀਆਂ ਕੁਰਸੀਆਂ ਨਾਲ ਬੱਝੇ ਰਹਿਣ ਲਈ ਮਜਬੂਰ ਕਰ ਦਿੱਤਾ।ਦੁਪਹਿਰ ਸਮੇਂ ਹਿਊਸਟਨ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਹਵਾਈ ਅੱਡੇ ’ਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਹਰਸ਼ ਵਰਧਨ ਸ਼ਿ੍ਰੰਗਲਾ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਕੈਨ ਜਸਟਰ ਨੇ ਸਵਾਗਤ ਕੀਤਾ। ਹਵਾਈ ਅੱਡੇ ਤੇ ਹੋਟਲ ਵਿੱਚ ਦਾਖ਼ਲੇ ਮੌਕੇ ਭਾਰਤੀ-ਅਮਰੀਕੀਆਂ ਨੇ ਦੋਵਾਂ ਮੁਲਕਾਂ ਦੇ ਝੰਡਿਆਂ ਨਾਲ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਆਖਿਆ। ਉਂਜ ਮੋਦੀ ਦੀ ਹਿਊਸਟਨ ਵਿੱਚ ਆਮਦ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ‘#ਹਾਓਡੀ ਮੋਦੀ’ ਨਾਂ ਹੇਠ ਸੁਨੇਹਿਆਂ ਦਾ ਹੜ੍ਹ ਆ ਗਿਆ। ਅਮਰੀਕੀ ਕਾਨੂੰਨਸਾਜ਼ ਤੁਲਸੀ ਗਬਾਰਡ, ਜੋ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਸੰਭਾਈ ਉਮੀਦਵਾਰਾਂ ਵਜੋਂ ਸ਼ਾਮਲ ਹੈ, ਨੇ ਟਵੀਟ ਕਰਕੇ ਸ੍ਰੀ ਮੋਦੀ ਨੂੰ ਵਧਾਈ ਦਿੱਤੀ। ਦੋਵਾਂ ਆਗੂਆਂ ਨੇ ਸਮਾਰੋਹ ਦੇ ਅਖੀਰ ਵਿੱਚ ਸਟੇਡੀਅਮ ਦਾ ਚੱਕਰ ਲਾ ਕੇ ਹਾਜ਼ਰ ਲੋਕਾਂ ਦਾ ਪਿਆਰ ਕਬੂਲ ਕੀਤਾ।
HOME ਮੋਦੀ ਤੇ ਟਰੰਪ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਸਿਖਰਾਂ ’ਤੇ ਲਿਜਾਣ ਦਾ...