ਦਿ ਹਿੰਦੂ ਕੋਆਪ੍ਰੇਟਿਵ ਬੈਂਕ ਵੱਲੋਂ ਕਰਜ਼ਾ ਵਸੂਲੀ ਵਿੱਚ ਢਿੱਲ-ਮੱਠ ਦਿਖਾਉਣ ਤੋਂ ਨਾਰਾਜ਼ ਰਿਜ਼ਰਵ ਬੈਂਕ ਆਫ ਇੰਡੀਆ ਨੇ ਸਖ਼ਤ ਕਦਮ ਚੁੱਕਦਿਆਂ ਬੈਂਕ ਦੇ ਗਾਹਕਾਂ ’ਤੇ 4 ਹਜ਼ਾਰ ਰੁਪਏ ਤੋਂ ਵੱਧ ਦੀ ਰਾਸ਼ੀ ਕਢਵਾਉਣ ’ਤੇ ਰੋਕ ਲਗਾ ਦਿੱਤੀ ਹੈ। ਇਹ ਨਿਕਾਸੀ 6 ਮਹੀਨੇ ਵਿੱਚ ਸਿਰਫ ਇੱਕ ਵਾਰ ਹੀ ਕੀਤੀ ਜਾ ਸਕਦੀ ਹੈ। ਇਸ ਕਾਰਨ ਬੈਂਕ ਦੀਆਂ 6 ਸ਼ਾਖਾਵਾਂ ਵਿੱਚ ਕੰਮ ਕਰਦੇ 200 ਦੇ ਕਰੀਬ ਮੁਲਾਜ਼ਮਾਂ ਨੂੰ ਤਨਖਾਹ ਦੇ ਲਾਲੇ ਪੈ ਗਏ ਹਨ। ਪਾਬੰਦੀ ਨਾਲ ਜਿਥੇ 70 ਹਜ਼ਾਰ ਦੇ ਕਰੀਬ ਗਾਹਕਾਂ ਅੰਦਰ ਚਿੰਤਾ ਪੈਦਾ ਹੋ ਗਈ ਹੈ, ਉਥੇ ਬੈਂਕ ਮੁਲਾਜ਼ਮਾਂ ਨੇ ਰੋਟੀ-ਰੋਜ਼ੀ ਖੁੱਸਦੀ ਦੇਖ ਕੇ ਅੱਜ ਸ਼ਹਿਰ ਅੰਦਰ ਮੂਕ ਪ੍ਰਦਰਸ਼ਨ ਕੀਤਾ ਅਤੇ ਕਰਜ਼ਾ ਡਿਫਾਲਟਰ ਦੋ ਕਾਰੋਬਾਰੀਆਂ ਦੀਆਂ ਦੁਕਾਨਾਂ ਮੂਹਰੇ ਧਰਨਾ ਦਿੱਤਾ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਰੱਖੀਆਂ ਸਨ, ਜਿਨ੍ਹਾਂ ਉਪਰ ਲਿਖਿਆ ਹੋਇਆ ਸੀ ਕਿ ਲੋਨ ਡਿਫਾਲਟਰ ਆਪਣੇ ਕਰਜ਼ੇ ਵਾਪਸ ਕਰਨ। ਬੈਂਕ ਮੁਲਾਜ਼ਮਾਂ ਦੀ ਯੂਨੀਅਨ ਦੇ ਜਨਰਲ ਸਕੱਤਰ ਸੁਖਪ੍ਰੀਤ ਸਿੰਘ ਬੇਦੀ ਨੇ ਅੱਜ ਇਥੇ ਡਿਫਾਲਟਰ ਹਲਵਾਈ ਦੀ ਦੁਕਾਨ ਮੂਹਰੇ ਲਗਾਏ ਗਏ ਧਰਨੇ ਵਿੱਚ ਕਿਹਾ ਕਿ ਧਨਾਢ ਕਰਜ਼ਾ ਲੈ ਕੇ ਕਰਜ਼ਾ ਨਹੀਂ ਮੋੜ ਰਹੇ। 20 ਦੇ ਕਰੀਬ ਅਜਿਹੇ ਪਰਿਵਾਰ ਹਨ ਜਿਨ੍ਹਾਂ ਕੋਲ ਬੈਂਕ ਦਾ 80 ਕਰੋੜ ਰੁਪਇਆ ਫਸਿਆ ਹੋਇਆ ਹੈ। ਇਸ ਦਾ ਖਮਿਆਜ਼ਾ ਆਮ ਗਾਹਕਾਂ ਅਤੇ 200 ਦੇ ਕਰੀਬ ਬੈਂਕ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।
ਹੈਰਾਨੀ ਦੀ ਗੱਲ ਹੈ ਕਿ ਇਹ ਪਰਿਵਾਰ ਰਾਜਸੀ ਸ਼ਹਿ ਪ੍ਰਾਪਤ ਹਨ ਅਤੇ ਲੰਬੇ ਸਮੇਂ ਤੋਂ ਕਰਜ਼ਾ ਨਹੀਂ ਮੋੜ ਰਹੇ। ਇਨ੍ਹਾਂ ਕਾਰਨ ਹੀ ਬੈਂਕ ਦੀ ਸਥਿਤੀ ਪਤਲੀ ਹੋਈ ਹੈ। ਉਨ੍ਹਾਂ ਕਿਹਾ ਕਿ 70 ਹਜ਼ਾਰ ਦੇ ਕਰੀਬ ਐਸੇ ਉਪਭੋਗਤਾ ਹਨ, ਜੋ ਰਿਕਸ਼ਾ ਚਲਾਉਂਦੇ ਹਨ ਜਾਂ ਦਿਹਾੜੀਆਂ ਲਗਾਉਂਦੇ ਹਨ, ਉਨ੍ਹਾਂ ਦਾ ਪੈਸਾ ਇਕੱਠਾ ਕਰਕੇ ਬੈਂਕ ਨੇ ਇਨ੍ਹਾਂ ਧਨਾਢਾਂ ਨੂੰ ਕਰਜ਼ਾ ਦਿੱਤਾ ਤਾਂ ਜੋ ਬੈਂਕ ਵਧੀਆ ਚੱਲੇ ਪਰ ਇਨ੍ਹਾਂ ਧਨਾਢਾਂ ਨੂੰ ਕੋਈ ਸ਼ਰਮ ਨਹੀਂ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਨੇ ਆਪਣੇ ਕਰਜ਼ੇ ਵਾਪਸ ਨਾ ਕੀਤੇ ਤਾਂ ਯੂਨੀਅਨ ਅਣਮਿਥੇ ਸਮੇਂ ਲਈ ਇਨ੍ਹਾਂ ਦੇ ਘਰਾਂ ਅਤੇ ਕਾਰੋਬਾਰਾਂ ਮੂਹਰੇ ਧਰਨੇ ਪ੍ਰਦਰਸ਼ਨ ਕਰੇਗੀ। ਬੈਂਕ ਦੇ ਸ਼ਾਖਾ ਮੈਨੇਜ਼ਰ ਨੇ ਕਿਹਾ ਕਿ ਇਹ ਪਠਾਨਕੋਟ ਦਾ ਇੱਕ ਬਹੁਤ ਵੱਡਾ ਬੈਂਕ ਹੈ, ਜਿਸ ਨੂੰ ਰਾਜਸੀ ਅਸਰ ਰਸੂਖ ਵਾਲੇ ਲੋਕਾਂ ਨੇ ਡੋਬਣ ਦੀ ਸਾਜ਼ਿਸ਼ ਰਚੀ ਹੈ।
INDIA ‘ਮੋਟੇ’ ਕਾਰੋਬਾਰੀਆਂ ਨੇ ਬੈਂਕ ਦੀ ਹਾਲਤ ਪਤਲੀ ਕੀਤੀ