ਮੋਗਾ (ਸਮਾਜ ਵੀਕਲੀ) : ਸੂਬੇ ਵਿੱਚ ਨਾਲ ਨਾਜਾਇਜ਼ ਸ਼ਰਾਬ ਵੇਚਣ ਵਾਲੇ ਮਾਫ਼ੀਆ ਦੇ ਸਿਰ ਉੱਤੇ ਸਿਆਸੀ ਹੱਥ ਹੋਣ ਨਾਲ ਹੌਸਲੇ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ। ਅਜਿਹਾ ਹੀ ਮਾਮਲਾ ਲੰਘੀ ਦੇਰ ਰਾਤ ਪਿੰਡ ਮਾਹਲਾ ਕਲਾਂ ਵਿੱਚ ਸਾਹਮਣੇ ਆਇਆ, ਜਿਥੇ ਛਾਪਾਮਾਰੀ ਕਰਨ ਪਹੁੰਚੇ ਆਬਕਾਰੀ ਟੀਮ ਅਤੇ ਸ਼ਰਾਬ ਠੇਕੇਦਾਰਾਂ ਉੱਤੇ ਨਾਜਾਇਜ਼ ਸ਼ਰਾਬ ਮਾਫੀਆ ਨੇ ਹਮਲਾ ਕਰਕੇ ਬਰਾਮਦ ਲਾਹਣ ਦਾ ਡਰੰਮ ਡੋਲ ਦਿੱਤਾ।
ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਆਬਕਾਰੀ ਬਲਕਰਨ ਸਿੰਘ ਦੇ ਬਿਆਨ ਉੱਤੇ ਲਖਵੀਰ ਸਿੰਘ ਉਰਫ ਲੱਖੀ, ਦੀਪਾ ਘਾਲੀ, ਗੁਰਵਿੰਦਰ ਸਿੰਘ ਅਤੇ ਹੈਪੀ ਸਿੰਘ ਸਾਰੇ ਪਿੰਡ ਮਾਹਲਾ ਕਲਾਂ ਅਤੇ 10/12 ਅਣਪਛਾਤੇ ਹਮਲਾਂਵਾਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 323,341,506,186,353,148,149 ਅਤੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇੰਸਪੈਕਟਰ ਆਬਕਾਰੀ ਬਲਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਸਿਪਾਹੀ ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ ਠੇਕੇਦਾਰ, ਇੰਦਰਜੀਤ ਸਿੰਘ ਠੇਕੇਦਾਰ ਅਤੇ ਰਾਜੀਵ ਸ਼ਰਮਾਂ ਵਾਸੀ ਮੋਗਾ ਵਿੱਚ ਛਾਪਾ ਮਾਰਨ ਗਏ। ਮੁਲਜ਼ਮ ਲਖਵੀਰ ਸਿੰਘ ਪਿੰਡ ਮਾਹਲਾ ਕਲਾਂ ਨੇ ਠੇਕੇ ’ਤੇ ਲਈ ਜ਼ਮੀਨ ਵਾਲੀ ਮੋਟਰ ’ਤੇ ਬਣੇ ਕਮਰੇ ਵਿੱਚ ਨਾਜਾਇਜ਼ ਸ਼ਰਾਬ ਕੱਢਣ ਦਾ ਕੰਮ ਕਰਦਾ ਹੈ।
ਉਨ੍ਹਾਂ ਛਾਪਾਮਾਰੀ ਕਰਕੇ ਡਰੰਮ ਵਿੱਚ 200 ਲਿਟਰ ਲਾਹਣ ਅਤੇ ਭੱਠੀ ਦਾ ਸਮਾਨ ਬਰਾਮਦ ਕਰ ਲਿਆ। ਡਰੰਮ ਤੇ ਭੱਠੀ ਦਾ ਸਾਮਾਨ ਜਦੋਂ ਆਪਣੀ ਗੱਡੀ ਵਿੱਚ ਰਖਵਾਕੇ ਲਾਹਣ ਨੂੰ ਸੀਲ ਕਰਨ ਲੱਗੇ ਤਾਂ ਇਸ ਦੌਰਾਨ ਦੋ ਜੀਪਾਂ ਅਤੇ 6/7 ਮੋਟਰਸਾਈਕਲਾਂ ’ਤੇ ਕਿਰਪਾਨਾ, ਡਾਂਗਾ ਅਤੇ ਡੰਡੇ ਲੈ ਕੇ ਮੁਲਜ਼ਮ ਆ ਗਏ। ਉਨ੍ਹਾਂ ਆਬਕਾਰੀ ਟੀਮ ਨਾਲ ਧੱਕਾ ਮੁੱਕੀ ਕੀਤੀ ਅਤੇ ਗੱਡੀ ’ਤੇ ਚੜ੍ਹ ਕੇ ਡਰੰਮ ਵਿੱਚੋਂ ਲਾਹਣ ਡੋਲ ਦਿੱਤੀ।