ਮੋਗਾ ਵਿਚ ਕਰੋਨਾਵਾਇਰਸ ਦਾ ਸ਼ੱਕੀ ਮਰੀਜ਼ ਮਿਲਣ ਮਗਰੋਂ ਸਿਹਤ ਵਿਭਾਗ ’ਚ ਹਲਚਲ ਮਚ ਗਈ। ਇਹ ਸ਼ੱਕੀ ਮਰੀਜ਼ ਪਹਿਲਾਂ ਤਾਂ ਸਿਹਤ ਕਾਮਿਆਂ ਨੂੰ ਝਕਾਨੀ ਦੇ ਕੇ ਹਸਪਤਾਲ ’ਚੋਂ ਫ਼ਰਾਰ ਹੋ ਗਿਆ ਤੇ ਮਗਰੋਂ ਆਪ ਹੀ ਹਸਪਤਾਲ ਆ ਗਿਆ ਪਰ ਉਹ ਹਸਪਤਾਲ ’ਚ ਰਹਿਣ ਲਈ ਤਿਆਰ ਨਹੀਂ ਹੈ। ਡਾਕਟਰਾਂ ਨੇ ਉਸ ਦੇ ਸੈਂਪਲ ਲੈ ਲਏ ਹਨ ਤੇ ਉਹ ਨਿਗਰਾਨੀ ਹੇਠ ਹੈ।
ਜ਼ਿਲ੍ਹਾ ਐੱਨਜੀਓਜ਼ ਚੇਅਰਮੈਨ ਅਤੇ ਸਿਹਤ ਇੰਸਪੈਕਟਰ ਮਹਿੰਦਰ ਪਾਲ ਲੂੰਬਾਂ ਨੇ ਦੱਸਿਆ ਕਿ ਕਰੋਨਾਵਾਇਰਸ ਦਾ ਸ਼ੱਕੀ ਮਰੀਜ਼ 32 ਸਾਲਾ ਨੌਜਵਾਨ ਲੰਘੀ ਦੇਰ ਸ਼ਾਮ ਦੁਬਈ ਤੋਂ ਆਪਣੇ ਪਿੰਡ ਆਇਆ ਸੀ। ਉਸ ਨੂੰ ਖਾਂਸੀ, ਜ਼ੁਕਾਮ ਆਦਿ ਜ਼ਿਆਦਾ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲਿਆਏ ਤਾਂ ਮੁੱਢਲੇ ਮੈਡੀਕਲ ਟੈਸਟਾਂ ’ਚ ਉਸ ਨੂੰ ਨਮੂਨੀਆ ਹੋਣ ਦੀ ਪੁਸ਼ਟੀ ਮਗਰੋਂ ਉਸ ਨੂੰ ਵੱਖਰੇ ਵਾਰਡ ਵਿਚ ਲਿਜਾਇਆ ਗਿਆ, ਜਿੱਥੋਂ ਉਹ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਇਸ ਮਗਰੋਂ ਸਿਹਤ ਵਿਭਾਗ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਸ਼ੱਕੀ ਮਰੀਜ਼ ਦੀ ਤਲਾਸ਼ ਲਈ ਪੁਲੀਸ ਪਾਰਟੀ ਹਸਪਤਾਲ ਵਿਚ ਭੇਜ ਦਿੱਤੀ ਪਰ ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕੇ ਮਰੀਜ਼ ਖ਼ੁਦ ਹਸਪਤਾਲ ਆ ਗਿਆ ਹੈ। ਕਾਰਜਕਾਰੀ ਸਿਵਲ ਸਰਜਨ ਡਾਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਮਰੀਜ਼ ਦੇ ਸੈਂਪਲ ਲੈ ਲਏ ਗਏ ਹਨ, ਜੋ ਜਾਂਚ ਲਈ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਮਰੀਜ਼ ਹਸਪਤਾਲ ’ਚ ਰਹਿਣ ਲਈ ਤਿਆਰ ਨਹੀਂ ਹੈ ਤੇ ਉਹ ਮੁੜ ਆਪਣੇ ਘਰ ਚਲਾ ਗਿਆ ਹੈ। ਉਨ੍ਹਾਂ ਨੇ ਡੀਐੱਸਪੀ ਬੱਧਨੀ ਕਲਾਂ ਮਨਜੀਤ ਸਿੰਘ ਢੇਸੀ ਨੂੰ ਇਸ ਸਬੰਧੀ ਲਿਖਤੀ ਜਾਣਕਾਰੀ ਦਿੱਤੀ ਹੈ ਤੇ ਉਸ ਨੂੰ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਧਰ, ਡੀਐੱਸਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਹਤ ਕਿੱਟਾਂ ਤੇ ਹੈਲਥ ਟੀਮਾਂ ਦਿੱਤੀਆਂ ਜਾਣ ਤਾਂ ਕਿ ਉਹ ਸ਼ੱਕੀ ਮਰੀਜ਼ ਨੂੰ ਹਸਪਤਾਲ ਲਿਆ ਸਕਣ।
INDIA ਮੋਗਾ ਵਿਚ ਕਰੋਨਾਵਾਇਰਸ ਦਾ ਸ਼ੱਕੀ ਮਰੀਜ਼ ਮਿਲਿਆ