ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਹੰਗਾਮਾ ਭਰਪੂਰ ਰਹੀ। ਮੀਟਿੰਗ ’ਚ ਮੇਅਰ ਸਮੇਤ ਸਾਰੇ ਕੌਂਸਲਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਉੱਤੇ ਭਾਰੂ ਰਹੇ।
ਜਾਣਕਾਰੀ ਅਨੁਸਾਰ ਨਿਗਮ ਦਫ਼ਤਰ ਵਿੱਚ ਸ਼ਾਮ 3 ਵਜੇ ਹਾਊਸ ਮੀਟਿੰਗ ਸ਼ੁਰੂ ਹੋਈ। ਪਿਛਲੀ ਮੀਟਿੰਗ ਦੀ ਕਾਰਵਾਈ ਪੜ੍ਹਨ ਬਾਅਦ ਹੀ ਹੰਗਾਮਾ ਸ਼ੁਰੂ ਹੋ ਗਿਆ। ਇਸ ਮੌਕੇ ਵਾਰਡ ਨੰਬਰ 31 ’ਚ ਕਿਸੇ ਵਿਅਕਤੀ ਵੱਲੋਂ ਧਰਮਸ਼ਾਲਾ ’ਤੇ ਕੀਤੇ ਕਬਜ਼ੇ ਦੀ ਨਿਗਮ ’ਚੋਂ ਫ਼ਾਈਲ ਗੁੰਮ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੇ ਨਾਲ ਨਾਲ ਧਰਮਸ਼ਾਲਾ ਤੋਂ ਕਬਜ਼ਾ ਛੁਡਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਮੇਅਰ ਅਕਸ਼ਿਤ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਕੰਮ ’ਚ ਬੇਵਕੂਫ਼ ਬਣਾਇਆ ਜਾ ਰਿਹਾ ਹੈ। ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਕਮਿਸ਼ਨਰ ਅੱਗੇ ਨਕਸ਼ੇ ਦੀ ਰਸੀਦ ਸੁੱਟਦਿਆਂ ਕਿਹਾ ਕਿ ਡੇਢ ਮਹੀਨੇ ਬਾਅਦ ਵੀ ਨਕਸ਼ਾ ਪਾਸ ਨਹੀਂ ਹੋਇਆ। ਕੌਂਸਲਰ ਚਰਨਜੀਤ ਸਿੰਘ ਤੇ ਦੀਪਇੰਦਰ ਸਿੰੰਘ ਸੰਧੂ ਨੇ ਵਾਰਡ ਨੰਬਰ 44 ’ਚ ਵਿਕਾਸ ਕੰਮ ਰੋਕਣ ਬਾਰੇ ਪੁੱਛਿਆ। ਇਸ ’ਤੇ ਕਮਿਸ਼ਨਰ ਅਨੀਤਾ ਦਰਸ਼ੀ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਕੌਂਸਲਰਾਂ ਨੇ ਹਾਊਸ ਵਿੱਚ ਸ਼ਿਕਾਇਤ ਪੇਸ਼ ਕਰਨ ਲਈ ਕਿਹਾ ਤਾਂ ਉਨ੍ਹਾਂ ਸ਼ਿਕਾਇਤ ਜ਼ੁਬਾਨੀ ਹੋਣ ਦੀ ਗੱਲ ਕਹੀ। ਕੌਂਸਲਰ ਮਨਜੀਤ ਸਿੰਘ ਧੰਮੂ ਨੇ ਨਕਸ਼ਾ ਪਾਸ ਕਰਨ ਲਈ ਰਿਸ਼ਵਤ ਮੰਗੇ ਜਾਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਲਰਕ ਕਹਿੰਦਾ ਹੈ ਕਿ ਮੈਡਮ ਨਕਸ਼ਾ ਪਾਸ ਕਰਨ ਲਈ ਰਿਸ਼ਵਤ ਮੰਗਦੇ ਹਨ।
ਅਨੁਸੂਚਿਤ ਜਾਤੀ ਕੌਂਸਲਰ ਤੇ ਸਾਬਕਾ ਸੰਸਦ ਮੈਂਬਰ ਦੇ ਪੁੱਤਰ ਕਿਰਪਾਲ ਸਿੰਘ ਨੇ ਵਿਕਾਸ ਕੰਮਾਂ ’ਚ ਪੱਖਪਾਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਮਿਸ਼ਨਰ ਉਨ੍ਹਾਂ ਤੋਂ ਯੋਗਤਾ ਪੁੱਛਦੀ ਹੈ। ਅਕਾਲੀ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਨੇ ਵਿਕਾਸ ਕੰਮ ਨਾ ਹੋਣ ਦੀ ਦੁਹਾਈ ਦਿੱਤੀ। ਇਹ ਹੰਗਾਮਾ ਤਕਰੀਬਨ 50 ਮਿੰਟ ਚੱਲਿਆ। ਇਸ ਤੋਂ ਬਾਅਦ ਨਿਗਮ ਕਮਿਸ਼ਨਰ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ। ਕੌਂਸਲਰ ਮਨਜੀਤ ਸਿੰਘ ਮਾਨ ਨੇ ਕੌਂਸਲਰਾਂ ਨੂੰ ਦੂਸ਼ਣਬਾਜ਼ੀ ਤੋਂ ਉਪਰ ਉੱਠ ਕੇ ਸ਼ਹਿਰ ਦੇ ਕੰਮਾਂ ਵੱਲ ਧਿਆਨ ਦੇਣ ਦਾ ਸੁਝਾਅ ਦਿੱਤਾ।
ਮੀਟਿੰਗ ਵਿਚਾਲੇ ਛੱਡ ਕੇ ਜਾਣ ਬਾਰੇ ਪੁੱਛੇ ਜਾਣ ’ਤੇ ਕਮਿਸ਼ਨਰ ਨੇ ਕਿਹਾ ਕਿ ਹਾਊਸ ਦਾ ਮਾਹੌਲ ਠੀਕ ਨਹੀਂ ਸੀ। ਆਪਸੀ ਤਾਲਮੇਲ ਦੀ ਘਾਟ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਆਪਣੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਜਾਂਚ ਲਈ ਤਿਆਰ ਹਨ। ਇਹ ਸਭ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਗਮ ਕਮਿਸ਼ਨਰ ਤੇ ਕੌਂਸਲਰਾਂ ਦਰਮਿਆਨ ਚੱਲ ਰਹੀ ਜੰਗ ਕਾਰਨ ਹਾਊਸ ਦੀ ਮੀਟਿੰਗ ਤਿੰਨ ਵਾਰ ਪਹਿਲਾਂ ਰੱਦ ਹੋ ਚੁੱਕੀ ਹੈ।
INDIA ਮੋਗਾ ਨਗਰ ਨਿਗਮ ਦੀ ਮੀਟਿੰਗ ਵਿੱਚ ਹੰਗਾਮਾ