ਮੋਗਾ (ਸਮਾਜ ਵੀਕਲੀ) : ਇੱਥੇ ਜ਼ਿਲ੍ਹਾ ਸਕੱਤਰੇਤ ’ਤੇ ਅੱਜ ਸਵੇਰੇ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਭਾਰਤੀ ਤਿਰੰਗਾ ਲੀਰੋ ਲੀਰੋ ਕਰ ਦਿੱਤਾ ਗਿਆ। ਘਟਨਾ ਮਗਰੋਂ ਪ੍ਰਸ਼ਾਸਨ ਨੇ ਸਨਮਾਨ ਸਹਿਤ ਸਲਾਮੀ ਦੇ ਕੇ ਨਵਾਂ ਭਾਰਤੀ ਤਿਰੰਗਾ ਝੰਡਾ ਲਹਿਰਾ ਦਿੱਤਾ ਹੈ। ਮੁਲਜ਼ਮਾਂ ਦੀਆਂ ਸਕੱਤਰੇਤ ਅੰਦਰ ਦਾਖਲ ਹੋਣ ਵੇਲੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ ਪਰ ਨਾਲ ਹੀ ਸਕੱਤਰੇਤ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ।
ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗਾਰਦ ਇੰਚਾਰਜ ਏਐੱਸਆਈ ਧਲਵਿੰਦਰ ਸਿੰਘ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੇਸ਼ ਧ੍ਰੋਹ ਤੇ ਦੋ ਫ਼ਿਰਕਿਆਂ ਵਿਚਾਲੇ ਨਫ਼ਰਤ ਪੈਦਾ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਸ਼ੱਕੀ ਲੋਕਾਂ ਨੂੰ ਫੜਨ ਲਈ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ।
ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਲਾਈਵ ਵੀਡੀਓ ਵੀ ਜਾਰੀ ਕੀਤੀ ਹੈ। ਪੰਨੂ ਵੱਲੋਂ ਜਾਰੀ ਲਾਈਵ ਵੀਡੀਓ ’ਚ ਇੱਕ ਫ਼ੌਜੀ ਵਰਦੀ ਲੋਅਰ ਪਹਿਨੀ ਤੇ ਇੱਕ ਮੋਨਾ ਨੌਜਵਾਨ ਜ਼ਿਲ੍ਹਾ ਸਕੱਤਰੇਤ ਦੀ 5 ਮੰਜ਼ਿਲਾ ਇਮਾਰਤ ਦੀ ਛੱਤ ’ਤੇ ਸਵੇਰੇ ਤਕਰੀਬਨ 9 ਵਜੇ ਖਾਲਿਸਤਾਨ ਦਾ ਝੰਡਾ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਇਸ ਮਗਰੋਂ ਫ਼ੌਜੀ ਵਰਦੀ ਲੋਅਰ ਪਹਿਨੀ ਨੌਜਵਾਨ ਤਿਰੰਗੇ ਨੂੰ ਪਾੜਦਾ ਦਿਖਾਈ ਦਿੰਦਾ ਹੈ।
ਵੀਡੀਓ ਤੋਂ ਸਪੱਸ਼ਟ ਹੈ ਕਿ ਇਹ ਕੰਮ 3 ਨੌਜਵਾਨਾਂ ਵੱਲੋਂ ਕੀਤਾ ਗਿਆ, ਜਿਨ੍ਹਾਂ ’ਚੋਂ ਦੋ ਖਾਲਿਸਤਾਨੀ ਝੰਡਾ ਲਹਿਰਾ ਰਹੇ ਹਨ ਅਤੇ ਤੀਜਾ ਵੀਡੀਓ ਬਣਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀ ਸੰਦੀਪ ਹੰਸ, ਐੈੱਸਐੱਸਪੀ ਹਰਮਨਬੀਰ ਸਿੰਘ ਗਿੱਲ ਤੇ ਹੋਰ ਸੀਨੀਅਰ ਪੁਲੀਸ ਤੇ ਸਿਵਲ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਇਸ ਮਗਰੋਂ ਉਨ੍ਹਾਂ ਵੱਲੋਂ ਮੀਟਿੰਗ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਿੱਖਸ ਫਾਰ ਜਸਟਿਸ ਜਥੇਬੰਦੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਲਗਾਤਾਰ ਸਰਗਰਮੀਆਂ ਚਲਾ ਰਹੇ ਹਨ। ਉਨ੍ਹਾਂ ਦੀ ਕੁਝ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਕਿ ਪੰਜਾਬ ਅਤੇ ਹਰਿਆਣੇ ਵਿੱਚ ਹਰ ਉਸ ਸਿੱਖ, ਜੋ ਪਿੰਡਾਂ ਦੇ ਪੰਚਾਇਤ ਘਰਾਂ ’ਚੋਂ ਭਾਰਤੀ ਝੰਡਾ ਲਾਹ ਕੇ ਖਾਲਿਸਤਾਨ ਦਾ ਝੰਡਾ ਚੜ੍ਹਾਏਗਾ, ਨੂੰ ਸਿੱਖਸ ਫਾਰ ਜਸਟਿਸ ਵੱਲੋਂ 2500 ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਖੁਫ਼ੀਆਤੰਤਰ ਨੇ ਪਹਿਲਾਂ ਹੀ ਸਰਕਾਰ ਨੂੰ ਸੂਚਨਾ ਦੇ ਦਿੱਤੀ ਸੀ। ਘਟਨਾ ਮਗਰੋਂ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਸ਼ਨਿਚਰਵਾਰ ਨੂੰ ਆਜ਼ਾਦੀ ਸਮਾਗਮ ਪ੍ਰਬੰਧਾਂ ’ਤੇ ਤਿੱਖੀ ਨਜ਼ਰ ਰੱਖਦਿਆਂ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ।