ਮੈਸੀ ਤੇ ਰੈਪੀਨੋਅ ਨੂੰ ਫੀਫਾ ਦਾ ਸਾਲ ਦਾ ਸਰਵੋਤਮ ਖਿਡਾਰੀ ਐਵਾਰਡ

ਲਾਇਨਲ ਮੈਸੀ ਨੇ ਇੱਥੇ ਫੀਫਾ ਦੇ ਸਾਲ ਦੇ ਸਰਵੋਤਮ ਪੁਰਸਕਾਰ ਖਿਡਾਰੀ ਦਾ ਪੁਰਸਕਾਰ ਜਿੱਤਿਆ, ਜਦਕਿ ਮਹਿਲਾ ਵਰਗ ਵਿੱਚ ਅਮਰੀਕਾ ਦੀ ਸਟਾਰ ਮੈਗਨ ਰੈਪੀਨੋਅ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ। ਮਿਲਾਨ ਵਿੱਚ ਬਾਰਸੀਲੋਨਾ ਦੇ ਸਟਰਾਈਕਰ ਮੈਸੀ ਨੂੰ ਇਹ ਪੁਰਸਕਾਰ ਮਿਲਣਾ ਹੈਰਾਨੀ ਵਾਲਾ ਰਿਹਾ। ਉਸ ਨੇ ਵਿਰਜਿਲ ਵਨ ਡਿਕ ਨੂੰ ਪਛਾੜਿਆ, ਜਿਸ ਨੂੰ ਪਿਛਲੇ ਮਹੀਨੇ ਯੂਏਫਾ ਦਾ ਸਾਲ ਦਾ ਸਰਵੋਤਮ ਫੁਟਬਾਲਰ ਚੁਣਿਆ ਗਿਆ ਸੀ।
ਵਨ ਡਿੱਕ ਨੇ ਪਿਛਲੇ ਸੈਸ਼ਨ ਵਿੱਚ ਲਿਵਰਪੂਲ ਨੂੰ ਚੈਂਪੀਅਨਜ਼ ਲੀਗ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਯੂਵੈਂਟਸ ਦੇ ਫਾਰਵਰਡ ਕ੍ਰਿਸਟਿਆਨੋ ਰੋਨਾਲਡੋ ਵੀ ਇਸ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਸੀ, ਪਰ ਉਸ ਨੇ ਸਮਾਰੋਹ ਵਿੱਚ ਹਿੱਸਾ ਨਹੀਂ ਲਿਆ। ਮੈਸੀ ਅਤੇ ਵਨ ਡਿੱਕ ਹੁਣ ਬਾਲੋਨ ਡੀ’ਓਰ ਪੁਰਸਕਾਰ ਲਈ ਚੁਣੌਤੀ ਪੇਸ਼ ਕਰਨਗੇ, ਜਿਸ ਦਾ ਐਲਾਨ ਦੋ ਦਸੰਬਰ ਨੂੰ ਹੋਵੇਗਾ। ਦੂਜੇ ਪਾਸੇ ਮਹਿਲਾ ਵਰਗ ਵਿੱਚ ਅਮਰੀਕਾ ਦੀ ਰੈਪੀਨੋਅ ਨੇ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੀ ਆਪਣੀ ਸਾਥੀ ਅਲੈਕਸ ਮੌਰਗਨ ਅਤੇ ਇੰਗਲੈਂਡ ਦੀ ਲੂਸੀ ਬਰੌਂਜੇ ਨੂੰ ਪਛਾੜਿਆ।
ਰੈਪੀਨੋਅ ਨੂੰ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਦਾਗ਼ਣ ਲਈ ‘ਗੋਲਡਨ ਬੂਟ’ ਅਤੇ ਸਰਵੋਤਮ ਖਿਡਾਰਨ ਲਈ ‘ਗੋਲਡਨ ਬਾਲ’ ਦਾ ਪੁਰਸਕਾਰ ਮਿਲਿਆ ਸੀ। ਲਿਵਰਪੂਲ ਦੇ ਮੈਨੇਜਰ ਜਰਗਨ ਕਲੋਪ ਨੂੰ ਸਰਵੋਤਮ (ਪੁਰਸ਼) ਕੋਚ, ਜਦਕਿ ਅਮਰੀਕਾ ਦੀ ਜਿੱਲ ਐਲਿਸ ਨੂੰ ਸਰਵੋਤਮ ਮਹਿਲਾ ਕੋਚ ਚੁਣਿਆ ਗਿਆ।
ਬਾਰਸੀਲੋਨਾ ਦੇ ਸਟਰਾਈਕਰ ਮੈਸੀ ਨੇ ਚੈਂਪੀਅਨਜ਼ ਲੀਗ ਦੇ ਪਿਛਲੇ ਸੈਸ਼ਨ ਦੌਰਾਨ ਸਭ ਤੋਂ ਵੱਧ 12 ਗੋਲ ਦਾਗ਼ੇ ਸਨ, ਪਰ ਉਸ ਦੀ ਟੀਮ ਦੀ ਮੁਹਿੰਮ ਸੈਮੀ-ਫਾਈਨਲ ਵਿੱਚ ਹੀ ਸਮਾਪਤ ਹੋ ਗਈ ਸੀ। ਮੈਸੀ ਦੀ ਮਦਦ ਨਾਲ ਅਰਜਨਟੀਨਾ ਨੇ ਕੋਪਾ ਅਮਰੀਕਾ-2019 ਵਿੱਚ ਕਾਂਸੀ ਦਾ ਤਗ਼ਮਾ, ਜਦੋਂਕਿ ਲਾ ਲੀਗਾ ਵਿੱਚ ਬਾਰਸੀਲੋਨਾ ਨੇ ਲਾ ਲੀਗਾ ਖ਼ਿਤਾਬ ਜਿੱਤਿਆ ਸੀ। ਇਸ ਦੌਰਾਨ ਅਰਜਨਟੀਨਿਆਈ ਖਿਡਾਰੀ ਨੇ 36 ਗੋਲ ਦਾਗ਼ੇ ਸਨ, ਜਿਸ ਕਾਰਨ ਉਸ ਨੇ ਯੂਰੋਪੀਅਨ ਗੋਲਡਨ ਬੂਟ ਦਾ ਖ਼ਿਤਾਬ ਵੀ ਜਿੱਤਿਆ ਸੀ।

Previous articleਬੁਮਰਾਹ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ’ਚੋਂ ਬਾਹਰ
Next articleਭਾਰਤੀ ਬੈਡਮਿੰਟਨ ਨੂੰ ਝਟਕਾ; ਕੋਚ ਕਿਮ ਜੀ ਹਿਊਨ ਦਾ ਅਸਤੀਫ਼ਾ