ਆਸਟ੍ਰੇਲੀਅਨ / ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ‘ਪੰਜਾਬੀ ਸੱਥ ਮੈਲਬੌਰਨ’ ਅਤੇ ‘ਆਸਟ੍ਰੇਲੀਅਨ ਪੰਜਾਬੀ ਚੈਂਨਲ’ ਵੱਲੋਂ ਆਪਣੇ ਆਨਲਾਈਨ ਪ੍ਰੋਗਰਾਮ ‘ਅਦਬੀ ਰਾਹਾਂ’ ਵਿੱਚ ਆਸਟ੍ਰੇਲੀਆ ਦੀ ਪੰਜਾਬੀ ਕਹਾਣੀ ਬਾਰੇ ਗੱਲਬਾਤ ਕੀਤੀ ਗਈ । ਇਸ ਪ੍ਰੋਗਰਾਮ ਦੀ ਸੰਚਾਲਨਾ ਮੈਲਬਰਨ ਤੋਂ ‘ਮਧੂ ਤਨਹਾ’ ਨੇ ਕੀਤੀ, ਜਿਸ ਵਿੱਚ ਆਸਟ੍ਰੇਲੀਆ ਦੇ ਦੋ ਇਸਤਰੀ ਲੇਖਕਾਵਾਂ ‘ਜੱਸੀ ਧਾਲੀਵਾਲ’ ਅਤੇ ‘ਹਰਵਿੰਦਰ ਕੌਰ ਚਾਹਲ’ ਨੇ ਆਪਣੀ- ਆਪਣੀ ਕਹਾਣੀ ਦਾ ਪਾਠ ਕੀਤਾ।
ਇਹਨਾਂ ਕਹਾਣੀਆਂ ਦਾ ਮੁਲਾਂਕਣ ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ‘ਜਸਵੀਰ ਸਿੰਘ ਰਾਣਾ’ ਅਤੇ ‘ਜਤਿੰਦਰ ਹਾਂਸ’ ਦੁਆਰਾ ਵਿਸਥਾਰ ਨਾਲ ਕੀਤਾ ਗਿਆ, ‘ਜਤਿੰਦਰ ਹਾਂਸ’ ਅਨੁਸਾਰ ਪੰਜਾਬੀ ਪਾਠਕਾਂ ਨੂੰ ਨਹੀਂ ਸੀ ਪਤਾ ਕੇ ਆਸਟ੍ਰੇਲੀਆ ਵਿੱਚ ਵੀ ਪੰਜਾਬੀ ਕਹਾਣੀ ਰਚੀ ਜਾ ਰਹੀ ਹੈ, ਉਹਨਾਂ ਆਸਟ੍ਰੇਲੀਅਨ ਪੰਜਾਬੀ ਨੌਜਵਾਨ ਕਹਾਣੀਕਾਰਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕੇ ਆਸਟ੍ਰੇਲੀਆ ਵਿੱਚ ਪੰਜਾਬੀ ਕਹਾਣੀ ਦੀ ਬਹੁਤ ਲੋੜ ਹੈ।
ਇੱਕ ਸਵਾਲ ਦੇ ਜੁਆਬ ਵਿੱਚ ‘ਜਸਵੀਰ ਸਿੰਘ ਰਾਣਾ’ ਨੇ ਅੱਜਕਲ ਸੋਸ਼ਲ ਮੀਡੀਆ ਦਾ ਲੇਖਕ ਦੇ ਉੱਪਰ ਦਬਾਅ ਬਾਰੇ ਦੱਸਿਆ ਕੇ ਕਿਤਾਬ ਵਿੱਚ ਛਪਣ ਤੋਂ ਬਾਅਦ ਲੇਖਕ ਪ੍ਰੈਸ਼ਰ ਮੁਕਤ ਹੋ ਜਾਂਦਾ ਹੈ, ਪਰ ਫੇਸਬੁੱਕ ਵਰਗੇ ਸੋਸ਼ਲ ਮੀਡੀਆ ‘ਤੇ ਲੇਖਕ ਆਪਣੀ ਰਚਨਾ ਪਾ ਕੇ ਪ੍ਰੈਸ਼ਰ ਮੁਕਤ ਨਹੀਂ ਹੁੰਦਾ, ਸਗੋਂ ਹੁੰਗਾਰਿਆਂ ਦੀ ਉਡੀਕ ਕਰਦਾ ਹੈ, ਜਦਕਿ 70 ਪਰਸੈਂਟ ਲੋਕ ਬਿਨਾ ਪੜ੍ਹਨ ਤੋਂ ਹੀ ਲਾਇਕ ਮਾਰ ਦਿੰਦੇ ਹਨ।
ਨਾਲ ਹੀ ਉਹਨਾਂ ਕਿਹਾ ਕੇ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਆਸਟ੍ਰੇਲੀਅਨ ਪੰਜਾਬੀ ਕਹਾਣੀ ਬਾਰੇ ਗੱਲਬਾਤ ਦੀ ਸ਼ੁਰੂਆਦ ਕਰਨ ਵਾਲਾ ਇਹ ਪਹਿਲਾ ਉੱਦਮ ਹੈ, ਕੁੱਲ ਮਿਲਾ ਕੇ ਇਹ ਕਥਾ ਸੰਵਾਦ ਦਾ ਪ੍ਰੋਗਰਾਮ ਸਫਲ ਰਿਹਾ, ਕੈਮਰੇ ਪਿੱਛੇ ਸ਼ੁਰੂਆਤ ਤੋਂ ਅੰਤ ਤੱਕ ਬਿਕਰਮ ਸੇਖੋਂ, ਰਮਾ ਸੇਖੋਂ, ਕੁਲਜੀਤ ਕੌਰ ਗ਼ਜ਼ਲ ਅਤੇ ਰਮਨਪ੍ਰੀਤ ਸਿੰਘ ਆਪੋ ਆਪਣੀ ਭੂਮਿਕਾ ਨਿਭਾਉਂਦੇ ਰਹੇ।