ਉਲਾਨ ਉਦੇ : ਭਾਰਤ ਦੀ ਦਿੱਗਜ ਮੁੱਕੇਬਾਜ਼ ਐੱਮਸੀ ਮੈਰੀਕਾਮ ਨੇ ਮੰਗਲਵਾਰ ਨੂੰ ਥਾਈਲੈਂਡ ਦੀ ਜਿਤਪੋਂਗ ਜੁਤਮਸ ਨੂੰ ਦੂਜੇ ਗੇੜ ਵਿਚ ਮਾਤ ਦੇ ਕੇ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 51 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਮੈਰੀ ਕਾਮ ਨੇ ਥਾਈਲੈਂਡ ਦੀ ਖਿਡਾਰਨ ਨੂੰ 5-0 ਨਾਲ ਮਾਤ ਦਿੰਦੇ ਹੋਏ ਆਖ਼ਰੀ-8 ਵਿਚ ਥਾਂ ਬਣਾਈ। ਪੰਜ ਰੈਫਰੀਆਂ ਨੇ ਮੈਰੀ ਕਾਮ ਦੇ ਪੱਖ ਵਿਚ 29-28, 29-28, 29-28, 30-27, 30-27 ਨਾਲ ਫ਼ੈਸਲਾ ਦਿੱਤਾ। ਮੈਰੀ ਨੂੰ ਪਹਿਲੇ ਗੇੜ ਵਿਚ ਬਾਈ ਮਿਲੀ ਸੀ। ਆਪਣੇ ਬਦਲੇ ਹੋਏ ਭਾਰ ਵਰਗ 51 ਕਿਲੋਗ੍ਰਾਮ ਵਿਚ ਪਹਿਲੇ ਵਿਸ਼ਵ ਖ਼ਿਤਾਬ ਲਈ ਰਿੰਗ ਵਿਚ ਉਤਰੀ ਮੈਰੀ ਕਾਮ ਨੇ ਆਪਣੀ ਪਛਾਣ ਮੁਤਾਬਕ ਹੀ ਖੇਡ ਦਾ ਮੁਜ਼ਾਹਰਾ ਕੀਤਾ। ਦੋਵਾਂ ਮੁੱਕੇਬਾਜ਼ਾਂ ਨੇ ਹਮਲਾਵਰ ਸ਼ੁਰੂਆਤ ਕੀਤੀ ਸੀ ਤੇ ਇਹੀ ਕਾਰਨ ਸੀ ਕਿ ਕਈ ਵਾਰ ਰੈਫਰੀ ਨੂੰ ਇਨ੍ਹਾਂ ਦੋਵਾਂ ਨੂੰ ਵੱਖ ਕਰਨ ਲਈ ਕਹਿਣਾ ਪਿਆ। ਮੈਰੀ ਪਹਿਲੇ ਗੇੜ ਦੇ ਅੰਤ ਵਿਚ ਥੋੜ੍ਹਾ ਆਤਮ ਰੱਖਿਆ ਨਾਲ ਖੇਡਣ ਲੱਗੀ। ਉਨ੍ਹਾਂ ਨੇ ਮੌਕਾ ਦੇਖਦੇ ਹੀ ਚੰਗੇ ਪੰਚ ਲਾਏ। ਦੂਜੇ ਗੇੜ ਵਿਚ ਵੀ ਇਹੀ ਹਾਲ ਰਿਹਾ। ਦੋਵੇਂ ਮੁੱਕੇਬਾਜ਼ ਆਪਣੇ ਹਮਲਾਵਰ ਵਤੀਰੇ ਵਿਚ ਕਮੀ ਨਹੀਂ ਕਰ ਰਹੇ ਸਨ। ਮੈਰੀ 1-2 ਦੇ ਤਾਲਮੇਲ ਨਾਲ ਅੰਕ ਹਾਸਲ ਕਰਨ ਦੀ ਕੋਸ਼ਿਸ਼ ਵਿਚ ਸੀ ਤੇ ਸਹੀ ਥਾਂ ਪੰਚ ਲਾਉਣ ਵਿਚ ਵੀ ਕਾਮਯਾਬ ਹੋ ਰਹੀ ਸੀ, ਨਾਲ ਹੀ ਉਹ ਆਪਣੀ ਫੁਰਤੀ ਕਾਰਨ ਜਿਤਪੋਂਗ ਦੇ ਪੰਚਾਂ ਦਾ ਚੰਗਾ ਬਚਾਅ ਵੀ ਕਰ ਰਹੀ ਸੀ। ਤੀਜੇ ਗੇੜ ਵਿਚ ਵੀ ਮੈਰੀ ਨੇ ਸੱਜੇ ਤੇ ਖੱਬੇ ਜੈਬ ਦਾ ਚੰਗਾ ਇਸਤੇਮਾਲ ਕੀਤਾ ਤੇ ਜਿਤਪੋਂਗ ਦੇ ਨੇੜੇ ਆਉਣ ‘ਤੇ ਅਪਰਕਟ ਵੀ ਲਾਏ। ਅੰਤ ਵਿਚ ਮੈਰੀ ਦੇ ਹਿੱਸੇ ਵਿਚ ਜਿੱਤ ਆਈ। ਅਗਲੇ ਗੇੜ ਵਿਚ ਮੈਰੀ ਦਾ ਸਾਹਮਣਾ ਕੋਲੰਬੀਆ ਦੀ ਇੰਗਰੀਟ ਵਾਲੇਂਸੀਆ ਨਾਲ ਹੋਵੇਗਾ। ਉਹ ਪੈਨ ਅਮਰੀਕਾ ਜੇਤੂ ਹੈ ਤੇ ਰੀਓ ਓਲੰਪਿਕ 2016 ਵਿਚ ਕਾਂਸੇ ਦਾ ਮੈਡਲ ਜਿੱਤ ਚੁੱਕੀ ਹੈ।