ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਉਸ ਨੂੰ ਇਸ ਲਈ ਨਿਸ਼ਾਨਾ ਬਣਾ ਰਹੀਆਂ ਹਨ ਕਿਉਂਕਿ ਉਸ ਨੇ ਰਾਜ ਵਿਚ ਦਲਿਤਾਂ ਨਾਲ ਜੁੜੇ ਮੁੱਦੇ ਉਠਾਏ ਸਨ। ਸ੍ਰੀ ਚੰਨੀ ਜਿਨ੍ਹਾਂ ’ਤੇ ਇਕ ਮਹਿਲਾ ਆਈਏਐੱਸ ਅਫ਼ਸਰ ਨੂੰ ਇਤਰਾਜ਼ਯੋਗ ਐਸਐਮਐਸ ਭੇਜਣ ਦੇ ਦੋਸ਼ ਲੱਗੇ ਸਨ, ਅੱਜ ਵਿਦੇਸ਼ ਤੋਂ ਪਰਤਦਿਆਂਂ ਪਹਿਲੀ ਵਾਰ ਇਸ ਮੁੱਦੇ ’ਤੇ ਮੀਡੀਆ ਸਾਹਮਣੇ ਆਪਣਾ ਪੱਖ ਪੇਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਜਾਣ ਬੁੱਝ ਕੇ ਇਹ ਮਾਮਲਾ ਖੜ੍ਹਾ ਕੀਤਾ ਹੈ ਜਦਕਿ ਗ਼ਲਤੀ ਨਾਲ ਭੇਜੇ ਗਏ ਸੰਦੇਸ਼ ਸਬੰਧੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਬੰਧਤ ਮਹਿਲਾ ਆਈਏਐੱਸ ਅਧਿਕਾਰੀ ਨੂੰ ਸਥਿਤੀ ਸਪੱਸ਼ਟ ਕਰ ਕੇ ਪਹਿਲਾਂ ਹੀ ਮੁਆਫ਼ੀ ਮੰਗ ਲਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਦਲਿਤਾਂ ਅਤੇ ਬੇਅਦਬੀ ਕਾਂਡ ਨਾਲ ਜੁੜੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਅਤੇ ਤੁਰੰਤ ਕਾਰਵਾਈ ਲਈ ਜ਼ੋਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗ਼ੈਰਹਾਜ਼ਰੀ ਵਿੱਚ ਮਾਮਲੇ ਨੂੰ ਭੜਕਾ ਕੇ ਬਿਨਾਂ ਅੱਗ ਤੋਂ ਧੂੰਆਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਚੰਨੀ ਨੇ ਐਸਐਮਐਸ ਬਾਰੇ ਕਿਹਾ ਕਿ ਸੰਦੇਸ਼ ਅਸ਼ਲੀਲ ਨਹੀਂ ਸੀ ਜੋ ਉਨ੍ਹਾਂ ਨੂੰ ਵੀ ਕਿਸੇ ਵੱਲੋਂ ਭੇਜਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਅੱਗੇ ਕਈਆਂ ਨੂੰ ਭੇਜਿਆ ਗਿਆ ਸੀ। ਸ੍ਰੀ ਚੰਨੀ ਨੇ ਵਿਰੋਧੀਆਂ ਵੱਲੋਂ ਮੰਗੇ ਜਾ ਰਹੇ ਅਸਤੀਫੇ ’ਤੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਨੂੰ (ਚੰਨੀ ਨੂੰ) ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕੇ ਹਨ ਤਾਂ ਫਿਰ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਕਾਂਗਰਸ ਦੇ ਕਿਸੇ ਵੀ ਆਗੂ ਤੇ ਮੰਤਰੀ ਦਾ ਹੱਥ ਨਹੀਂ ਹੈ। ਇਸ ਤੋਂ ਬਾਅਦ ਸ੍ਰੀ ਚੰਨੀ ਨੇ ਮੰਡੀ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਝੋਨਾ ਲੈ ਕੇ ਆ ਰਹੇ ਕਿਸਾਨਾਂ ਦੀ ਹਰ ਪੱਖੋਂ ਤਸੱਲੀ ਕਰਵਾਉਣ। ਇਸ ਮੌਕੇ ਜ਼ਿਲਾ ਪ੍ਰਧਾਨ ਵਿਜੈ ਟਿੰਕੂ, ਬਲਾਕ ਪ੍ਰਧਾਨ ਕਰਨੈਲ ਸਿੰਘ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਬੰਤ ਸਿੰਘ ਕਲਾਰਾਂ, ਗਿਆਨ ਸਿੰਘ ਬੇਲਾ, ਡਾ. ਬਲਵਿੰਦਰ ਸਿੰਘ, ਸਮਿਤੀ ਮੈਂਬਰ ਰੋਹਿਤ ਸੱਭਰਵਾਲ, ਇਕਬਾਲ ਸਿੰਘ ਸਾਲਾਂਪੁਰ, ਸਰਪੰਚ ਸੁੱਚਾ ਸਿੰਘ ਅਤੇ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।
INDIA ਮੈਨੂੰ ਦਲਿਤ ਹੋਣ ਕਰ ਕੇ ਨਿਸ਼ਾਨਾ ਬਣਾਇਆ: ਚੰਨੀ