ਮੈਡਰਿਡ ਓਪਨ ਟੈਨਿਸ: ਥੀਮ ਨੇ ਫੈਡਰਰ ਦਾ ਸਫ਼ਰ ਰੋਕਿਆ

ਡੌਮੀਨਿਕ ਥੀਮ ਨੇ ਦੋ ਮੈਚ ਅੰਕ ਬਚਾਉਂਦਿਆਂ ਤਿੰਨ ਸਾਲ ਮਗਰੋਂ ਕਲੇਅ ਕੋਰਟ ’ਤੇ ਵਾਪਸੀ ਕਰ ਰਹੇ ਸਵਿੱਸ ਖਿਡਾਰੀ ਰੋਜਰ ਫੈਡਰਰ ਦੀ ਚੁਣੌਤੀ 3-6, 7-6, 6-4 ਦੀ ਜਿੱਤ ਨਾਲ ਖ਼ਤਮ ਕਰ ਦਿੱਤੀ ਅਤੇ ਮੈਡਰਿਡ ਓਪਨ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਿਆ। 37 ਸਾਲ ਦੇ ਖਿਡਾਰੀ ਫੈਡਰਰ ਨੇ ਤਿੰਨ ਸਾਲ ਮਗਰੋਂ ਇਸੇ ਹਫ਼ਤੇ ਕਲੇਅ ਕੋਰਟ ’ਤੇ ਵਾਪਸੀ ਕੀਤੀ ਹੈ। ਉਹ ਕਲੇਅ ਕੋਰਟ ਵਿੱਚ ਆਪਣਾ ਆਖ਼ਰੀ ਮੈਚ ਰੋਮ 2016 ਵਿੱਚ ਥੀਮ ਤੋਂ ਹੀ ਹਾਰਿਆ ਸੀ। ਦੂਜੇ ਪਾਸੇ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਨੂੰ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਲਈ ਪਸੀਨਾ ਨਹੀਂ ਵਹਾਉਣਾ ਪਿਆ ਕਿਉਂਕਿ ਮਾਰਿਨ ਸਿਲਿਚ ਦੇ ਹੱਟਣ ਨਾਲ ਉਸ ਨੂੰ ਵਾਕਓਵਰ ਮਿਲ ਗਿਆ। ਆਖ਼ਰੀ ਚਾਰ ਵਿੱਚ ਥੀਮ ਦੀ ਟੱਕਰ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਜੋਕੋਵਿਚ ਨਾਲ ਹੋਵੇਗੀ। ਆਸਟਰੀਆ ਦਾ ਪੰਜਵਾਂ ਦਰਜਾ ਪ੍ਰਾਪਤ ਥੀਮ ਨੇ ਬੀਤੇ ਮਾਰਚ ਮਹੀਨੇ ਇੰਡੀਅਨ ਵੈੱਲਜ਼ ਵਿੱਚ ਵੀ ਫੈਡਰਰ ਨੂੰ ਹਰਾਇਆ ਸੀ। ਪੁਰਸ਼ ਵਰਗ ਦੇ ਇੱਕ ਹੋਰ ਕੁਆਰਟਰ ਫਾਈਨਲ ਵਿੱਚ ਪੰਜ ਵਾਰ ਦੇ ਚੈਂਪੀਅਨ ਅਤੇ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਸਟੈਨਿਸਲਾਸ ਵਾਵਰਿੰਕਾ ਨੂੰ 6-1, 6-2 ਨਾਲ ਹਰਾ ਕੇ ਆਖ਼ਰੀ ਚਾਰ ਵਿੱਚ ਥਾਂ ਬਣਾ ਲਈ। ਹੁਣ ਉਸ ਦੀ ਟੱਕਰ ਗਰੀਸ ਦੇ ਸਟੈਫਾਨੋਜ਼ ਸਿਟਸਿਪਾਸ ਨਾਲ ਹੋਵੇਗੀ, ਜੋ ਅਲੈਕਜ਼ੈਂਡਰ ਜ਼ੈਵੇਰੇਵ ਨੂੰ 7-5, 3-6, 6-2 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚਿਆ ਹੈ।

Previous articleਰਾਹੁਲ ਗਾਂਧੀ ਦੀ ਪੰਜਾਬ ਫੇਰੀ ’ਤੇ ਖ਼ਤਰੇ ਦੇ ਬੱਦਲ ਛਾਏ
Next articleਇੰਡੀਅਨ ਵਿਮੈਨ ਫੁਟਬਾਲ ਲੀਗ: ਹਾਂਸ ਐਫਸੀ ਦੀ ਰਾਈਜ਼ਿੰਗ ਸਟੂਡੈਂਟ ’ਤੇ ਜਿੱਤ