ਅਮਰੀਕੀ ਇਮੀਗਰੇਸ਼ਨ ਅਧਿਕਾਰੀਆਂ ਨੇ ਟਰੰਪ ਸਰਕਾਰ ਦੇ ਸ਼ੁਰੂਆਤੀ ਕਾਰਜਕਾਲ ਦੌਰਾਨ ਮੈਕਸਿਕੋ ਨਾਲ ਲਗਦੀ ਸਰਹੱਦ ’ਤੇ 1500 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਦਿੱਤਾ ਸੀ। ਇਸ ਦੇ ਨਾਲ ਜੁਲਾਈ 2017 ਤੋਂ ਲੈ ਕੇ ਹੁਣ ਤੱਕ 5460 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕੀਤਾ ਜਾ ਚੁੱਕਿਆ ਹੈ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏਸੀਐੱਲਯੂ) ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਨੇ ਉਸ ਦੇ ਵਕੀਲ ਨੂੰ ਦੱਸਿਆ ਕਿ ਪਹਿਲੀ ਜੁਲਾਈ 2017 ਤੋਂ 26 ਜੂਨ 2018 ਵਿਚਕਾਰ ਵੱਖ ਕੀਤੇ ਗਏ ਕੁੱਲ 1556 ਬੱਚਿਆਂ ’ਚੋਂ 207 ਬੱਚਿਆਂ ਦੀ ਉਮਰ ਪੰਜ ਸਾਲ ਤੋਂ ਵੀ ਘੱਟ ਸੀ। ਸਾਂ ਡਿਏਗੋ ਦੇ ਸੰਘੀ ਜੱਜ ਨੇ ਸਰਕਾਰ ਨੂੰ ਜੁਲਾਈ 2017 ਤੋਂ ਹੁਣ ਤੱਕ ਮਾਪਿਆਂ ਤੋਂ ਜੁਦਾ ਕੀਤੇ ਗਏ ਸਾਰੇ ਬੱਚਿਆਂ ਦੀ ਪਛਾਣ ਸ਼ੁੱਕਰਵਾਰ ਤੱਕ ਕਰਨ ਦਾ ਹੁਕਮ ਦਿੱਤਾ ਸੀ।
ਸਰਕਾਰ ਕੋਲ ਉਸ ਸਮੇਂ ਬੱਚਿਆਂ ਦਾ ਪਤਾ ਲਾਉਣ ਦੀ ਸਹੀ ਪ੍ਰਣਾਲੀ ਨਹੀਂ ਸੀ। ਏਸੀਐੱਲਯੂ ਨਾਲ ਕੰਮ ਕਰਨ ਵਾਲੇ ਵਾਲੰਟੀਅਰ ਗੁਆਟੇਮਾਲਾ ਅਤੇ ਹੌਂਡੂਰਸ ’ਚ ਘਰ-ਘਰ ਜਾ ਕੇ ਕੁਝ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਸਟਿਸ ਵਿਭਾਗ ਨੇ ਕਿਹਾ ਕਿ ਕਈ ਪਰਿਵਾਰਾਂ ਨੂੰ ਵੱਡਾ ਸਦਮਾ ਲੱਗਾ ਹੈ ਅਤੇ ਕਈ ਤਾਂ ਇਸ ਤੋਂ ਉਭਰਨ ’ਚ ਨਾਕਾਮ ਰਹੇ ਹਨ। ਉਂਜ ਸਰਕਾਰ ਨੇ 26 ਜੂਨ 2018 ਨੂੰ ਸਰਕਾਰ ਦੀ ਹਿਰਾਸਤ ’ਚ 2814 ਬੱਚਿਆਂ ਦੀ ਪਛਾਣ ਕੀਤੀ ਸੀ ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਮਾਪਿਆਂ ਨਾਲ ਮਿਲਾ ਦਿੱਤਾ ਗਿਆ ਹੈ। ਏਸੀਐੱਲਯੂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੀ ਮਿਆਦ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ 1556 ਹੋਰ ਬੱਚਿਆਂ ਦੇ ਨਾਮ ਮਿਲੇ ਹਨ।
HOME ਮੈਕਸਿਕੋ ਸਰਹੱਦ ’ਤੇ 5400 ਬੱਚੇ ਮਾਪਿਆਂ ਤੋਂ ਵੱਖ ਕੀਤੇ