ਮੈਂ, ਮੇਰੇ ਅਧਿਆਪਕ, ਮੇਰੇ ਵਿਦਿਆਰਥੀ ਅਤੇ ਪੰਜਾਬੀ ਭਾਸ਼ਾ

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)

ਪਹਿਲਾਂ ਖੁਦ ਸਰਕਾਰੀ ਸਕੂਲ ਵਿੱਚ ਪੜ੍ਹਨ ਤੋਂ ਲੈਕੇ ਫਿਰ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਤੱਕ ਦਾ ਸਫਰ ਬੜੇ ਕਮਾਲ ਦਾ ਹੈ। ਉਦੋਂ ਪੜ੍ਹਨ ਵੇਲੇ ਮੇਰੀ ਗਿਣਤੀ ਸਕੂਲ ਦੇ ਚੰਗੇ ਹੋਣਹਾਰ ਵਿਦਿਆਰਥੀਆਂ ਵਿੱਚ ਹੁੰਦੀ ਸੀ। ਨੌਵੀਂ-ਦਸਵੀਂ ਵਿੱਚ ਤਾਂ ਪੜ੍ਹਨ ਦੀ ਇਹੋ ਜਿਹੀ ਚੇਟਕ ਲੱਗੀ ਕਿ ਸਕੂਲ ਤੋਂ ਛੁੱਟੀ ਕਰਕੇ ਘਰ ਬਹਿ ਕੇ ਪੜ੍ਹਨ ਨੂੰ ਹੀ ਠੀਕ ਸਮਝਿਆ, ਉਦੋਂ ਇੰਝ ਲੱਗਿਆ ਕਿ ਸਕੂਲ ਵਿੱਚ ਤਾਂ ਏਵੇਂ ਹੀ ਸਮਾਂ ਬਰਬਾਦ ਹੁੰਦਾ ਹੈ(ਬਾਲ ਮਨ ਵਿਚਲੇ ਖ਼ਿਆਲ)।

ਇਸ ਲਈ ਛੁੱਟੀ ਲੈ ਕੇ ਘਰ ਹੀ ਸਾਰਾ-ਸਾਰਾ ਦਿਨ ਪੜ੍ਹੀ ਜਾਣਾ। ਕਦੇ ਕੋਠੇ ਤੇ ਬੋਰੀਆਂ ਵਿਛਾ ਕੇ, ਕਦੇ ਪੱਲੀਆਂ ਦੀ ਛਾਂ ਕਰਕੇ ਤੇ ਕਦੇ ਘਰ ਵਿੱਚ ਉੱਘੇ ਇੱਕਲੋਤੇ ਢੇਕ(ਧਰੇਕ) ਦੇ ਰੁੱਖ ਹੇਠ ਬੈਠ ਕੇ। ਇੱਕ-ਇੱਕ ਚੀਜ਼ ਸਮਝ ਕੇ ਯਾਦ ਕਰਕੇ ਕਈ-ਕਈ ਵਾਰ ਲਿਖਦਾ ਤੇ ਜਦੋਂ ਪੂਰੀ ਤਸੱਲੀ ਹੋ ਜਾਂਦੀ ਫਿਰ ਹੀ ਅੱਗੇ ਵੱਧਦਾ। ਮੈਨੂੰ ਨਹੀਂ ਯਾਦ ਕੇ ਉਹਨਾਂ ਦਿਨਾਂ ਤੋਂ ਬਾਅਦ ਕਦੇ ਮੇਰੇ ਵਿੱਚ ਪੜ੍ਹਨ ਦੀ ਐਨੀ ਲਾਲਸਾ ਜਾਗੀ ਹੋਵੇ। ਦਸਵੀਂ ਦੇ ਇਮਤਿਹਾਨ ਦਿੱਤੇ ਤਾਂ ਸਕੂਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ, ਮਨ ਨੂੰ ਤਸੱਲੀ ਜਹੀ ਨਾ ਹੋਈ ਪਰ ਮੈਂ ਇਹਨਾਂ ਪਹਿਲੇ, ਦੂਜੇ, ਤੀਜੇ ਨੰਬਰਾਂ ਦੇ ਚੱਕਰ ਵਿਚ ਨਹੀਂ ਸੀ ਪੈਣਾ ਚਾਹੁੰਦਾ। ਪਰ ਫਿਰ ਮੇਰਾ ਵਾਸਤਾ ਨਾਨ-ਮੈਡੀਕਲ ਦੀ ਪੜ੍ਹਾਈ ਨਾਲ ਪਿਆ। ਜਿਹੜੀ ਕਿ ਬਿਲਕੁਲ ਮੇਰੇ ਮੇਚ ਦੀ ਨਹੀਂ ਸੀ।

ਕਿਉਂਕਿ ਮਨ ਵਿੱਚ ਤਾਂ ਕਿਤੇ ਨਾ ਕਿਤੇ ਪੰਜਾਬੀ ਸਾਹਿਤ ਪ੍ਰਤੀ ਰੁਚੀ ਆਪਣਾ ਜੋਰ ਮਾਰ ਰਹੀ ਸੀ। ਛੋਟੇ ਹੁੰਦਿਆਂ ਅਖ਼ਬਾਰਾਂ ਵਿੱਚੋਂ ਕਹਾਣੀਆਂ ਅਤੇ ਕਾਮੀਕਸ( ਚਾਚਾ ਚੋਧਰੀ) ਦੀਆਂ ਕਟਿੰਗਾਂ ਕਰਕੇ ਇੱਕ ਕਿਤਾਬ ਦਾ ਰੂਪ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ। ੳਦੋਂ ਮੈਨੂੰ ਬਸ ਸ਼ਨੀਵਾਰ ਅਤੇ ਐਤਵਾਰ ਦੇ ਰੰਗੀਨ ਪੰਨੇ ਵਾਲੇ ਅਖ਼ਬਾਰ ਦੀ ਉਡੀਕ ਰਹਿੰਦੀ। ਅਪਣੀ ਕਲਪਨਾ ਦੀ ਦੁਨੀਆ ਵਿੱਚ ਉਡਾਰੀ ਮਾਰਦਿਆਂ ਕਈ ਵਾਰ ਤਾਂ ਮੈਂ ਉਸ ਸਮੇਂ ਦੇ ਵੱਡੇ ਐਕਟਰਾਂ ਨੂੰ ਇਹ ਕਿਤਾਬ ਤਿਆਰ ਕਰਕੇ ਭੇਟ ਕਰਨ ਵੀ ਜਾਂਦਾ।

ਬੜੇ ਹੀ ਉਤਸ਼ਾਹ ਵਧਾਉਣ ਵਾਲੇ ਖ਼ੁਆਬ ਸਨ ਉਦੋਂ ਮੇਰੀ ਕਲਪਨਾ ਦੀ ਦੁਨੀਆਂ ਵਿੱਚ। ਲਿਖਣ ਦਾ ਸ਼ੌਂਕ ਉਦਾਸ ਗੀਤਾਂ ਤੋਂ ਸ਼ੁਰੂ ਹੋਇਆ। ਜਿਹੜੀ ਡਾਇਰੀ ਅੱਜ ਤੱਕ ਸਾਂਭੀ ਪਈ ਹੈ (ਕਿਉਂਕਿ ਉਹ ਦੌਰ ਹੀ ਉਦਾਸ ਗੀਤਾਂ ਦਾ ਸੀ) ਨੂੰ ਪੜ੍ਹ ਕੇ ਚਿਹਰੇ ਤੇ ਮੁਸਕਾਨ ਵੀ ਆ ਜਾਂਦੀ ਹੈ ਕਿ ਐਨੇ ਉਦਾਸ ਗੀਤ ਕਿਓਂ?ਫਿਰ ਸਾਹਿਤ ਦੀ ਇਹ ਧਾਰਨਾ ਯਾਦ ਆ ਜਾਂਦੀ ਹੈ ਕਿ ‘ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ’।  ਪਰ ਫਿਰ ਆਪਣੀਆਂ ਲਿਖੀਆਂ ਉਹ ਸਤਰਾਂ ਵੀ ਚੇਤੇ ਆ ਜਾਂਦੀਆਂ ਹਨ ‘ਕੁਝ ਵੀ ਲਿਖ ਦੇਣਾ ਕਵਿਤਾ ਨਹੀਂ ਹੁੰਦਾ, ਅਹਿਸਾਸ ਵੀ ਤਾਂ ਹੋਣ ਮਹਿਸੂਸ ਕਰਨ ਲਈ’।

ਉਸ ਸਮੇਂ ਦੌਰਾਨ ਟੀਵੀਆਂ, ਕੈਸਟਾਂ ਵਿੱਚ ਉਦਾਸ ਗੀਤ ਹੀ ਚਲ ਰਹੇ ਸਨ। ਫਿਰ ਇੱਕ ਦਿਨ ਸੋ ਕੇ ਉਠਿਆ ਤਾਂ ਆਪੇ ਕੁੱਝ ਤੁਕਾਂ ਜ਼ੁਬਾਨ ਤੇ ਆ ਗਈਆਂ, ‘ਵੇ ਬਾਬਲਾ ਦੇਦੇ ਪੁਰਾਣੇ ਦਿਨ ਮੇਰੇ’ ਬਸ ਫਿਰ ਕੀ ਸੀ, ਕਾਪੀ ਚੁੱਕੀ ਤੇ ਪੂਰਾ ਗੀਤ ਲਿਖ ਦਿੱਤਾ। ਫਿਰ ਇਸ ਤਰ੍ਹਾਂ ਹੀ ਕਹਾਣੀ ਲਿਖਣ ਦੀ ਸ਼ੁਰੂਆਤ ਹੋਈ ਤੇ ਹੋਲੀ-ਹੋਲੀ ਲੇਖ ਲਿਖਣ ਦੀ ਚੇਟਕ ਵੀ ਪੈ ਗਈ।ਅੱਜ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਅਜੇ ਤਾਂ ਸ਼ੁਰੂਆਤ ਹੈ, ਅਜੇ ਤਾਂ ਬਹੁਤ ਕੁਝ ਸਿੱਖਣਾ ਹੈ ਅਤੇ ਇਹ ਸਿੱਖਣ ਦੀ ਲੋਰ ਹਮੇਸ਼ਾ ਚੜੀ ਰਹਿੰਦੀ ਹੈ। ਮੇਰੇ ਸਕੂਲ ਦੇ ਛੋਟੇ-ਛੋਟੇ ਬੱਚੇ ਵੀ ਕਵਿਤਾ, ਕਹਾਣੀ ਅਤੇ ਲੇਖ ਲਿਖਣ ਲੱਗ ਪਏ ਹਨ।

ਉਹ ਕਿਤਾਬਾਂ ਪੜ੍ਹਦੇ ਹਨ ਅਤੇ ਉਨ੍ਹਾਂ ਕਿਤਾਬਾਂ ਬਾਰੇ ਲਿਖ ਕੇ ਲੈ ਕੇ ਆਉਂਦੇ ਹਨ। ਮੈਨੂੰ ਮੇਰੇ ਬੱਚਿਆਂ ਤੋਂ ਵੀ ਬਹੁਤ ਕੁੱਝ ਸਿੱਖਣ ਨੂੰ ਮਿਲ ਰਿਹਾ ਹੈ। ਮੈਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਮੈਂ ਇੱਕ ਅਧਿਆਪਕ ਹਾਂ। ਮੈਨੂੰ ਮੇਰੇ ਹੁਣ ਤੱਕ ਦੇ ਪੰਜਾਬੀ ਅਧਿਆਪਕਾਂ ਤੇ ਮਾਣ ਹੈ ਅਤੇ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਅੰਦਰ ਸਾਹਿਤ ਪੜ੍ਹਨ ਅਤੇ ਲਿਖਣ ਦੀ ਚਿਣਗ ਪੈਦਾ ਕੀਤੀ। ਮੈਂ ਇਹੋ ਕੁਝ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਹਾਂ।

ਹਰ ਸਮੇਂ ਤਜਰਬੇ ਕਰਦਾ ਹਾਂ, ਉਹਨਾਂ ਨਾਲ ਹੱਸਦਾ-ਖੇਡਦਾ, ਉਹਨਾਂ ਨੂੰ ਝਿੜਕਦਾ-ਕੱਟਦਾ, ਕੁੱਝ ਨਾ ਕੁੱਝ ਉਹਨਾਂ ਨੂੰ ਸਿਖਾਉਣ ਅਤੇ ਆਪ ਸਿੱਖਣ ਦੀ ਕੋਸ਼ਿਸ਼ ਵਿਚ ਰਹਿੰਦਾ ਹਾਂ। ਹੁਣ ਮੇਰੇ ਬੱਚਿਆਂ ਦੀਆਂ ਲਿਖਤਾਂ ਵੀ ਅਖ਼ਬਾਰਾਂ ਅਤੇ ਕਿਤਾਬਾਂ ਵਿੱਚ ਛਪਣ ਲੱਗ ਗਈਆਂ ਹਨ। ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੇਰੇ ਬੱਚੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। ਮੇਰਾ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਇਸ ਗੱਲ ਤੋਂ ਸਿੱਧ ਨਹੀਂ ਹੁੰਦਾ ਕਿ ਮੈਂ ਹੋਰ ਭਾਸ਼ਾਵਾਂ ਦਾ ਬਾਇਕਾਟ ਕਰਾਂ ਤੇ ਸਿਰਫ਼ ਪੰਜਾਬੀ ਭਾਸ਼ਾ ਹੀ ਬੋਲਾਂ ਅਤੇ ਸਿੱਖਾਂ, ਮੇਰੀ ਮਾਂ ਬੋਲੀ ਪੰਜਾਬੀ ਮੇਰੇ ਦਿਲ ਵਿੱਚ, ਦਿਮਾਗ ਵਿੱਚ ਅਤੇ ਨਸਾਂ ਵਿੱਚ ਲਹੂ ਬਣ ਕੇ ਦੌੜ ਰਹੀ ਹੈ।

ਪਰ ਮੈਂ ਹੋਰ ਭਾਸ਼ਾਵਾਂ ਦਾ ਵੀ ਸਤਿਕਾਰ ਕਰਦਾ ਹਾਂ, ਜੋ ਮੈਂ ਆਪਣੇ ਬੱਚਿਆਂ ਨੂੰ ਵੀ ਕਰਨਾ ਸਿਖਾਉਂਦਾ ਹਾਂ। ਕਿਉਂਕਿ ਮੇਰਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਵਿਚਾਰਧਾਰਾ ਨੂੰ ਨਿਘਾਰ ਵੱਲ ਲੈ ਕੇ ਜਾਂਦੀ ਹੈ ਇਸ ਲਈ ਇੱਕ ਅਧਿਆਪਕ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੱਟੜਤਾ ਤੋਂ ਦੂਰ ਰੱਖਾਂ ਅਤੇ ਬਸ ਉਹਨਾਂ ਵਿੱਚ ਅਤੇ ਆਪਣੇ ਵਿੱਚ ਕਿਤਾਬਾਂ ਪੜ੍ਹਨ ਦੀ ਹੋਰ ਭੁੱਖ ਪੈਦਾ ਕਰਾਂ। ਜਿਸ ਨਾਲ ਉਹਨਾਂ ਵਿੱਚ ਚੀਜ਼ਾਂ ਨੂੰ ਸਮਝਣ ਦਾ ਸੋਹਜ ਪੈਦਾ ਹੋਵੇ ਤੇ ਉਹ ਅਤੇ ਮੈਂ ਇਸ ਸਾਹਿਤਕ ਰਾਹ ਤੇ ਬਿਨਾਂ ਕਿਸੇ ਲਾਲਚ ਤੋਂ ਤੁਰਦੇ ਜਾਈਏ।

ਕਿਉਂਕਿ ਮੈਨੂੰ ਲੱਗਦਾ ਹੈ ਕਿ ਮੰਜ਼ਿਲ ਤੇ ਪਹੁੰਚ ਕੇ ਮੇਰੇ ਵਿੱਚ ਕਿਤੇ ਖੜੌਤ ਹੀ ਨਾ ਪੈਦਾ ਹੋ ਜਾਵੇ, ਮੈਂ ਪੜ੍ਹਿਆ ਹੈ ਕਿ ਪਾਣੀ ਚਲਦੇ ਹੀ ਰਹਿਣੇ ਚਾਹੀਦੇ ਹਨ ਕਿਉਂਕਿ ਖੜ੍ਹੇ ਪਾਣੀਆਂ ਵਿੱਚ ਅਕਸਰ ਮੁਸ਼ਕ ਮਾਰਨ ਲੱਗ ਜਾਂਦੀ ਹੈ। ਮੈਂ ਵੀ ਹਮੇਸ਼ਾਂ ਮੰਜ਼ਿਲਾਂ ਤੋਂ ਅੱਗੇ ਦੇ ਸਫ਼ਰ ਦੇ ਚਾਅ ਵਿਚ ਰਹਿੰਦਾ ਹਾਂ। ਜਦ ਮੇਰੇ ਜ਼ਿਹਨ ਵਿੱਚ ਕੁੱਝ ਖੜੌਤ  ਜਹੀ ਆਪਣਾ ਅਕਸ਼ ਬਣਾ ਰਹੀ ਹੁੰਦੀ ਹੈ ਤਾਂ ਮੈਂ ਆਪਣੀਆਂ ਲਿਖੀਆਂ ਇਹ ਸਤਰਾਂ ਗੁਣਗੁਣਾਉਣ ਲਗਦਾ ਹਾਂ।ਜੋ ਮੇਰੇ ਵਿੱਚ ਫਿਰ ਤੋਂ ਇੱਕ ਨਵੀਂ ਊਰਜਾ ਪੈਦਾ ਕਰ ਦਿੰਦੀਆਂ ਹਨ।
“ਮੇਰਾ ਕੀ ਵਾਸਤਾ ਇਹਨਾਂ ਮੰਜ਼ਿਲਾਂ ਦੇ ਸੰਗ,
ਮੈਂ ਤਾਂ ਰਾਹੀ ਹਾਂ, ਸਦਾ ਚਲਦਾ ਰਹਾਂਗਾ।”

ਚਰਨਜੀਤ ਸਿੰਘ ਰਾਜੌਰ
ਪੰਜਾਬੀ ਅਧਿਆਪਕ
ਸ.ਹ.ਸ ਘੜਾਮ
ਸੰਪਰਕ:8427929558

Previous articleਸਰਵ ਸਿੱਖਿਆ ਅਭਿਆਨ ਅਧੀਨ ਦਫ਼ਤਰੀ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰੇ ਸਰਕਾਰ
Next articleਹੁਸ਼ਿਆਰਪੁਰ ਜਿਲੇ ਵਿੱਚ 68 ਪਾਜੇਟਿਵ ਮਰੀਜ ,ਗਿਣਤੀ ਹੋਈ 1452, 3 ਮੌਤਾਂ