(ਸਮਾਜ ਵੀਕਲੀ)
ਮਾਂ ਕਦੋੰ ਤੱਕ ਮੇਰੇ ਵਰਗੀਆਂ ਧੀਆਂ, ਹੁੰਦੀਆਂ ਸ਼ਿਕਾਰ ਰਹਿਣਗੀਆਂ?
ਕਦੋੰ ਤੱਕ ਇਸ ਜ਼ਮਾਨੇ ਅੱਗੇ, ਮੰਨਦੀਆਂ ਹਾਰ ਰਹਿਣਗੀਆਂ?
ਮਾਂ ਮੈਂ ਤਾਂ ਤੇਰੇ ਕੋਲ਼ੇ ਆਪਣੇ ਦੁੱਖ ਫਰੋਲ਼ਦੀ ਆਂ।
ਮਾਂ ਮੈਂ ਤੇਰੀ ਰਾਜ ਕੁਮਾਰੀ ਮਨੀਸ਼ਾ ਬੋਲਦੀ ਆਂ।
ਸ਼ਰਮ ਨਹੀਂ ਭੈੜੇ ਜ਼ਮਾਨੇ ਨੂੰ, ਕਿਸੇ ਵੀ ਹੱਦ ਤੱਕ ਜਾਂਦਾ ਗਿਰਦਾ ਏ।
ਨਾ ਅੱਖ ਵਿੱਚ ਇਨ੍ਹਾਂ ਭੈੜਿਆਂ ਦੇ, ਹੰਝੂ ਸ਼ਰਮ ਦਾ ਗਿਰਦਾ ਏ।
ਮਾਂ ਮੈਂ ਕਿਹੜਾ ਬਾਬਲ ਆਪਣੇ ਦੀ, ਪੱਗ ਪੈਰੀਂ ਰੋਲ਼ਦੀ ਆਂ।
ਮਾਂ ਮੈਂ ਤੇਰੀ ਰਾਜਕੁਮਾਰੀ………।
ਮਾਂ ਦੱਸ ਦੇ ਮੈਨੂੰ ਕਦੋੰ ਜ਼ਮਾਨਾ, ਦਿਮਾਗ ‘ਚੋਂ ਗੰਦਗੀ ਨੂੰ ਕੱਢੇਗਾ?
ਹਵਸ ਦਾ ਭੁੱਖਾ ਹੈਵਾਨ, ਕਦੋੰ ਹੈਵਾਨੀਅਤ ਨੂੰ ਛੱਡੇਗਾ?
ਇਸ ਪਾਪੀ ਬੰਦੇ ਦੀ ਹੋਂਦ ਨੂੰ ਮੈਂ ਕੌਡੀਆਂ ਦੇ ਭਾਅ ਤੋਲਦੀ ਆਂ।
ਮਾਂ ਮੈਂ ਤੇਰੀ ਰਾਜਕੁਮਾਰੀ………।
ਮਾਂ ਵੈਸੇ ਤਾਂ ਇਹ ਜ਼ਮਾਨਾ ਕਹਿੰਦਾ, ਧੀਆਂ-ਪੁੱਤਰ ਇੱਕ ਨੇ।
ਪਰ ਸਾਡੇ ਵਾਰੀ ਕਾਹਤੋਂ ਦੱਸ ਮਾਂ, ਪੈ ਜਾਂਦੇ ਮਨਾਂ ਵਿੱਚ ਫ਼ਿੱਕ ਨੇ?
ਮੇਰੇ ਅੱਖਾਂ ‘ਚੋਂ ਨੀਰ ਪਿਆ ਵਗਦਾ, ਜਦ ਵੀ ਦੁੱਖ ਫਰੋਲ਼ਦੀ ਆਂ।
ਮਾਂ ਮੈਂ ਤੇਰੀ ਰਾਜਕੁਮਾਰੀ………।
ਮਾਂ ਇਸਤੋਂ ਚੰਗਾ ਇਹੀ ਸੀ, ਮੈਂ ਜਨਮ ਹੀ ਨਾ ਲੈਂਦੀ।
ਨਾ ਤੈਨੂੰ ਮੇਰੀ ਕਿਸੇ ਵੀ ਗੱਲ ਦੀ, ਫ਼ਿਕਰ ਰਤਾ ਵੀ ਰਹਿੰਦੀ।
ਮੈਨੂੰ ਡਰ ਬਹੁਤ ਹੀ ਲੱਗਦਾ ਜਦ ਕਿਸੇ ਦੇ ਲੰਘਾਂ ਕੋਲ ਦੀ ਆਂ।
ਮਾਂ ਮੈਂ ਤੇਰੀ ਰਾਜਕੁਮਾਰੀ………।
ਜੱਗ-ਜਨਨੀ ਦੀ ਹੋਂਦ ਨੂੰ, ਮਿੱਟੀ ਵਿੱਚ ਮਿਲਾਓ ਨਾ।
ਇਹਨੇ ਲੱਖਾਂ ਤਸੀਹੇ ਝੱਲੇ, ਇਹਨੂੰ ਹੋਰ ਸਤਾਓ ਨਾ।
‘ਗੁਰਵਿੰਦਰਾ’ ਕਾਹਤੋਂ ਦੁਨੀਆਂ ਵਿੱਚ ਦਿਲਾਂ ਦੇ, ਕਾਮ ਘੋਲ਼ਦੀ ਆ।
ਮਾਂ ਮੈਂ ਤੇਰੀ ਰਾਜਕੁਮਾਰੀ………।
ਗੁਰਵਿੰਦਰ ਸਿੰਘ ਉੱਪਲ
ਈ.ਟੀ.ਟੀ. ਅਧਿਆਪਕ
ਸ. ਪ੍ਰਾ. ਸਕੂਲ, ਦੌਲੋਵਾਲ (ਸੰਗਰੂਰ)
ਮੋ. 98411-45000
ਈ-ਮੇਲ: [email protected]