ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਸਵਾਲ ਕੀਤਾ ਕਿ ਕੀ ਉਹ ‘ਰੰਗਾ’ ਅਤੇ ‘ਬਿੱਲਾ’ ਵਰਗੇ ਅਪਰਾਧੀ ਨਜ਼ਰ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ‘ਰੰਗਾ’ ਅਤੇ ‘ਬਿੱਲਾ’ ਨੇ 1978 ’ਚ ਦਿੱਲੀ ਦੇ ਦੋ ਬੱਚਿਆਂ ਨੂੰ ਅਗਵਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਦੋਹਾਂ ਨੂੰ ਸੰਗੀਨ ਜੁਰਮ ਲਈ 1982 ’ਚ ਸੂਲੀ ’ਤੇ ਟੰਗਿਆ ਗਿਆ ਸੀ।
ਸ੍ਰੀ ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਦੇ ਜੁਰਮ ਨੂੰ ਸੰਗੀਨ ਕਰਾਰ ਦਿੰਦਿਆਂ ਆਖਿਆ ਜਾ ਰਿਹਾ ਹੈ ਕਿ ਜੇਕਰ ਸਾਬਕਾ ਕੇਂਦਰੀ ਮੰਤਰੀ ਨੂੰ ਰਾਹਤ ਦਿੱਤੀ ਗਈ ਤਾਂ ਦੇਸ਼ ’ਚ ਗਲਤ ਸੁਨੇਹਾ ਜਾਵੇਗਾ ਜੋ ਬਿਲਕੁਲ ਝੂਠ ਹੈ। ਉਸ ਨੂੰ ਪਿਛਲੇ 98 ਦਿਨਾਂ ਤੋਂ ਨਾਜਾਇਜ਼ ਢੰਗ ਨਾਲ ਜੇਲ੍ਹ ’ਚ ਰੱਖਿਆ ਗਿਆ ਹੈ ਕਿਉਂਕਿ ਉਹ ਆਈਐੱਨਐੱਕਸ ਮੀਡੀਆ ਭ੍ਰਿਸ਼ਟਾਚਾਰ ਕੇਸ ਦੇ ਮੁੱਖ ਮੁਲਜ਼ਮ ਕਾਰਤੀ ਦਾ ਪਿਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੇਸ ਨਾਲ ਜੋੜਨ ਸਬੰਧੀ ਕੋਈ ਵੀ ਇਕ ਸਬੂਤ ਮੌਜੂਦ ਨਹੀਂ ਹੈ। ਉਨ੍ਹਾਂ ਦੇ ਵਕੀਲਾਂ ਕਪਿਲ ਸਿੱਬਲ ਅਤੇ ਮਨੂੰ ਸਿੰਘਵੀ ਨੇ ਕਿਹਾ ਕਿ ਇਹ ਕੋਈ ਅਤਿਵਾਦੀ ਜਾਂ ਸੀਰੀਅਲ ਬਾਲ ਅਪਰਾਧੀ ਨਾਲ ਜੁੜਿਆ ਹੋਇਆ ਨਹੀਂ ਹੈ ਜਿਥੇ ਅਦਾਲਤ ਮੁਲਜ਼ਮ ਨੂੰ ਜ਼ਮਾਨਤ ਨਹੀਂ ਦੇ ਸਕਦੀ ਹੈ। ਦੋਵੇਂ ਵਕੀਲਾਂ ਦੀ ਬਹਿਸ ਮੁਕੰਮਲ ਹੋ ਗਈ ਹੈ ਅਤੇ ਵੀਰਵਾਰ ਨੂੰ ਈਡੀ ਵੱਲੋਂ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਜਿਰ੍ਹਾ ਕਰਨਗੇ। ਉਧਰ ਸਥਾਨਕ ਅਦਾਲਤ ਨੇ ਆਈਐੱਨਐੱਕਸ ਮੀਡੀਆ ਭ੍ਰਿਸ਼ਟਾਚਾਰ ਕੇਸ ’ਚ ਚਿਦੰਬਰਮ ਦੀ ਜੁਡੀਸ਼ਲ ਅਦਾਲਤ ਦੋ ਹਫ਼ਤਿਆਂ ਲਈ ਵਧਾ ਦਿੱਤੀ ਹੈ। ਈਡੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਜਿਸ ਕਰਕੇ ਉਨ੍ਹਾਂ ਦੀ 14 ਦਿਨ ਦੀ ਹਿਰਾਸਤ ’ਚ ਵਾਧਾ ਕੀਤਾ ਜਾਵੇ।
ਇਸ ਦੌਰਾਨ ਚਿਦੰਬਰਮ ਨੇ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਏ ਜਾਣ ਦੇ ਢੰਗ ਲਈ ਭਾਜਪਾ ਨੂੰ ਘੇਰਦਿਆਂ ਕਿਹਾ ਹੈ ਕਿ ਇਹ ਰਾਸ਼ਟਰਪਤੀ ਦਫ਼ਤਰ ’ਤੇ ਸਿੱਧਾ ‘ਹਮਲਾ’ ਹੈ ਜਿਨ੍ਹਾਂ ਨੂੰ ਤੜਕੇ ਚਾਰ ਵਜੇ ਉਠਾ ਕੇ ਰਾਸ਼ਟਰਪਤੀ ਸ਼ਾਸਨ ਹਟਾਉਣ ਲਈ ਦਸਤਖ਼ਤ ਕਰਵਾਏ ਗਏ। ਉਨ੍ਹਾਂ ਦੇ ਪਰਿਵਾਰ ਵੱਲੋਂ ਪਾਏ ਗਏ ਟਵੀਟ ’ਚ ਚਿਦੰਬਰਮ ਨੇ ਕਿਹਾ ਕਿ ਮਹਾਰਾਸ਼ਟਰ ’ਚ ਸੰਵਿਧਾਨ ਦੀ 23 ਤੋਂ 26 ਨਵੰਬਰ ਤੱਕ ਹੋਈ ਉਲੰਘਣਾ ਸਾਰਿਆਂ ਦੇ ਚੇਤਿਆਂ ’ਚ ਰਹਿ ਜਾਵੇਗੀ।
INDIA ਮੈਂ ਕੋਈ ਰੰਗਾ-ਬਿੱਲਾ ਨਹੀਂ ਹਾਂ: ਚਿਦੰਬਰਮ