ਮਹਿਲ ਕਲਾਂ (ਸਮਾਜ ਵੀਕਲੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਸਿਆਸੀ ਦੌਰੇ ’ਤੇ ਮਹਿਲ ਕਲਾਂ ਪਹੁੰਚੇ। ਇੱਥੇ ਅਨਾਜ ਮੰਡੀ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕਮਜ਼ੋਰ ਮੁੱਖ ਮੰਤਰੀ ਨਹੀਂ ਹਨ ਤੇ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਆਪਣੇ ਸਿਆਸੀ ਵਿਰੋਧੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ (ਬਾਦਲ) ਨੂੰ ਨਿਸ਼ਾਨੇ ’ਤੇ ਲਿਆ। ਮੁੱਖ ਮੰਤਰੀ ਨੇ ਸਟੇਜ ਤੋਂ ਆਪਣੇ ਭਾਸ਼ਣ ਦੌਰਾਨ ਜਦ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਗੱਲ ਸ਼ੁਰੂ ਕੀਤੀ ਤਾਂ ਹੇਠਾਂ ਪੰਡਾਲ ’ਚ ਬੈਠੀਆਂ ਦਰਜਨਾਂ ਔਰਤਾਂ ਨੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ।
ਇਸ ’ਤੇ ਮੁੱਖ ਮੰਤਰੀ ਨੂੰ ਭਾਸ਼ਣ ਦੌਰਾਨ ਕਹਿਣਾ ਪਿਆ ਕਿ ਬੀਬੀ ਹੱਥ ਮਾਰ ਰਹੀ ਹੈ ਕਿ ਸ਼ਾਇਦ ਪਲਾਟ ਨਹੀਂ ਮਿਲੇ। ਫਿਰ ਉਨ੍ਹਾਂ ਇਸ ਮੌਕੇ ਪਲਾਟ ਦੇਣ ਦੇ ਮਾਮਲੇ ਦਾ ਪੰਚਾਇਤਾਂ ਵੱਲ ਇਸ਼ਾਰਾ ਕੀਤਾ। ਸਥਾਨਕ ਅਨਾਜ ਮੰਡੀ ’ਚ ਕੀਤੇ ਗਏ ਸਮਾਗਮ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਚੜ੍ਹਤ ਨਜ਼ਰ ਆਈ ਤੇ ਉਨ੍ਹਾਂ ਖੁਦ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹੋਣ ਦੀ ਗੱਲ ਵਾਰ ਵਾਰ ਕੀਤੀ।
ਮੁੱਖ ਮੰਤਰੀ ਨੇ ਅੱਜ ਇੱਥੇ ਮਹਿਲ ਕਲਾਂ ਨੂੰ ਸਬ-ਡਿਵੀਜ਼ਨ ਬਣਾਉਣ ਦਾ ਐਲਾਨ ਕੀਤਾ ਜਿਸ ਵਿੱਚ ਸੰਗਰੂਰ ਜ਼ਿਲ੍ਹੇ ਦੇ ਕੁਝ ਪਿੰਡ ਸ਼ਾਮਲ ਕਰਨ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਉਨ੍ਹਾਂ ਮਹਿਲ ਕਲਾਂ ਵਿੱਚ ਇੱਕ ਸਰਕਾਰੀ ਆਈਟੀਆਈ ਤੇ ਸਰਕਾਰੀ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ। ਮਹਿਲ ਕਲਾਂ ’ਚ ਇੱਕ ਲਿੰਕ ਸੜਕ ਦੇ ਉਦਘਾਟਨ ਮਗਰੋਂ ਸਥਾਨਕ ਮਾਲਵਾ ਨਰਸਿੰਗ ਕਾਲਜ ’ਚ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਦੀ ਅਗਵਾਈ ਹੇਠ ਮੁੱਖ ਮੰਤਰੀ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਕਾਂਗਰਸ ਦੀ ਹਲਕਾ ਪੱਧਰ ’ਤੇ ਚੱਲ ਰਹੀ ਧੜੇਬਾਜ਼ੀ ਵੀ ਖੁੱਲ੍ਹ ਕੇ ਸਾਹਮਣੇ ਆਈ। ਸਾਬਕਾ ਵਿਧਾਇਕਾ ਤੇ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਹਰਚੰਦ ਕੌਰ ਘਨੌਰੀ ਨੇ ਸਟੇਜ ਤੋਂ ਬੋਲਣਾ ਸ਼ੁਰੂ ਕੀਤਾ ਤਾਂ ਯੂਥ ਕਾਂਗਰਸ ਆਗੂ ਬਨੀ ਖੈਰਾ ਦੇ ਹਮਾਇਤੀ ਬਨੀ ਖੈਰਾ ਦੀਆਂ ਤਸਵੀਰਾਂ ਵਾਲੇ ਫਲੈਕਸ ਲੈ ਕੇ ਸਟੇਜ ਵੱਲ ਵਧਣ ਲੱਗ ਗਏ ਜਿਨ੍ਹਾਂ ਉੱਪਰ ਲਿਖਿਆ ਹੋਇਆ ਸੀ ‘ਹਲਕਾ ਮਹਿਲ ਕਲਾਂ ਦੀ ਪੁਕਾਰ ਬਨੀ ਖੈਰਾ ਇਸ ਵਾਰ’। ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ ਤੇ ਬਲਬੀਰ ਸਿੰਘ ਸਿੱਧੂ ਨੂੰ ਸਟੇਜ ਤੋਂ ਸ਼ਾਂਤ ਰਹਿਣ ਦੀ ਅਪੀਲ ਕਰਨੀ ਪਈ।
ਬੇਰੁਜ਼ਗਾਰ ਅਧਿਆਪਕਾਂ ਵੱਲੋਂ ਨਾਅਰੇਬਾਜ਼ੀ
ਮੁੱਖ ਮੰਤਰੀ ਜਦੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਤਾਂ ਪੰਡਾਲ ’ਚ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਨ੍ਹਾਂ ਅਧਿਆਪਕਾਂ ਨੂੰ ਪੁਲੀਸ ਧੂਹ ਕੇ ਪੰਡਾਲ ਤੋਂ ਬਾਹਰ ਲੈ ਗਈ ਤੇ ਥਾਣਾ ਮਹਿਲ ਕਲਾਂ ’ਚ ਬੰਦ ਕਰ ਦਿੱਤਾ। ਖਿੱਚ-ਧੂਹ ਦੌਰਾਨ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੋਧਪੁਰ ਦੀ ਦਸਤਾਰ ਵੀ ਲੱਥ ਗਈ। ਬੇਰੁਜ਼ਗਾਰ ਅਧਿਆਪਕ ਆਗੂਆਂ ਗੁਰਪ੍ਰੀਤ ਸਿੰਘ ਖੇੜੀ, ਜਗਜੀਤ ਸਿੰਘ ਜੋਧਪੁਰ, ਅਮਨਦੀਪ ਸਿੰਘ ਸੇਖਾ ਆਦਿ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਜਦ ਦੇ ਮੁੱਖ ਮੰਤਰੀ ਬਣੇ ਹਨ ਉਹ ਤਦ ਤੋਂ ਰੁਜ਼ਗਾਰ ਦੇਣ ਦੀ ਥਾਂ ਸਿਰਫ ਫੋਕੇ ਲਾਰੇ ਲਾ ਰਹੇ ਹਨ। ਇਸੇ ਤਰ੍ਹਾਂ ਕੱਚੇ ਕਾਮਿਆਂ ਵੱਲੋਂ ਮਹਿਲ ਕਲਾਂ ’ਚ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੋਂ ਲੰਘ ਰਹੇ ਚਰਨਜੀਤ ਸਿੰਘ ਚੰਨੀ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆ। ਇਸ ਦੌਰਾਨ ਵੀ ਪੁਲੀਸ ਨੇ ਸੀਐਚਵੀ ਕਾਮਿਆਂ ਦੀ ਖਿੱਚ-ਧੂਹ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly