ਮੁੰਬਈ: ਇਕ ਦਿਨ ਪਹਿਲਾਂ ਪੁੱਠੀ ਛਾਲ ਮਾਰਨ ਵਾਲੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਅਜੇ ਵੀ ਐੱਨਸੀਪੀ ਨਾਲ ਹੈ ਅਤੇ ਸ਼ਰਦ ਪਵਾਰ ਉਨ੍ਹਾਂ ਦੇ ਆਗੂ ਬਣੇ ਰਹਿਣਗੇ। ਉਧਰ ਭਾਜਪਾ ਨਾਲ ਮਹਾਰਾਸ਼ਟਰ ’ਚ ਕਿਸੇ ਤਰ੍ਹਾਂ ਦਾ ਗੱਠਜੋੜ ਨਾ ਕਰਨ ਦਾ ਐਲਾਨ ਕਰਦਿਆਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਦਾ ਬਿਆਨ ਝੂਠਾ ਅਤੇ ਗੁੰਮਰਾਹਕੁਨ ਹੈ ਤਾਂ ਜੋ ਲੋਕਾਂ ’ਚ ਦੁਚਿੱਤੀ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਭਾਜਪਾ ਆਗੂਆਂ ਨੂੰ ਵਧਾਈ ਦੇ ਸੁਨੇਹਿਆਂ ਲਈ ਟਵਿੱਟਰ ’ਤੇ ਧੰਨਵਾਦ ਕਰਦਿਆਂ ਅਜੀਤ ਪਵਾਰ ਨੇ ਕਿਹਾ ਕਿ ਭਾਜਪਾ-ਐੱਨਸੀਪੀ ਗੱਠਜੋੜ ਮਹਾਰਾਸ਼ਟਰ ’ਚ ਅਗਲੇ ਪੰਜ ਸਾਲਾਂ ਲਈ ਸਥਿਰ ਸਰਕਾਰ ਦੇਵੇਗਾ। 60 ਵਰ੍ਹਿਆਂ ਦੇ ਅਜੀਤ ਨੇ ਟਵੀਟ ਕੀਤਾ,‘‘ਮੈਂ ਐੱਨਸੀਪੀ ’ਚ ਹਾਂ ਅਤੇ ਹਮੇਸ਼ਾ ਐੱਨਸੀਪੀ ’ਚ ਰਹਾਂਗਾ ਤੇ ਪਵਾਰ ਸਾਹਿਬ ਸਾਡੇ ਆਗੂ ਹਨ। ਭਾਜਪਾ-ਐੱਨਸੀਪੀ ਗੱਠਜੋੜ ਸੂਬੇ ਅਤੇ ਲੋਕਾਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗਾ।’’ ਉਨ੍ਹਾਂ ਕਿਹਾ ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਸਭ ਕੁਝ ਠੀਕ-ਠਾਕ ਹੈ। ‘ਉਂਜ ਥੋੜ੍ਹੇ ਠਰੰਮ੍ਹੇ ਦੀ ਲੋੜ ਹੈ। ਤੁਹਾਡੇ ਸਾਰਿਆਂ ਵੱਲੋਂ ਦਿੱਤੀ ਗਈ ਹਮਾਇਤ ਦਾ ਧੰਨਵਾਦ।’
ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਭਤੀਜੇ ਅਜੀਤ ਪਵਾਰ ਦੇ ਟਵੀਟਾਂ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮਹਾਰਾਸ਼ਟਰ ’ਚ ਭਾਜਪਾ ਨਾਲ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਅਜੀਤ ਪਵਾਰ ਦਾ ਬਿਆਨ ਗੁੰਮਰਾਹਕੁਨ ਹੈ ਅਤੇ ਇਹ ਲੋਕਾਂ ’ਚ ਭਰਮ ਪੈਦਾ ਕਰਨ ਦੀ ਸਾਜ਼ਿਸ਼ ਹੈ।
INDIA ਮੈਂ ਐੱਨਸੀਪੀ ਦੇ ਨਾਲ, ਸ਼ਰਦ ਪਵਾਰ ਸਾਡੇ ਆਗੂ: ਅਜੀਤ