ਨਵੀਂ ਦਿੱਲੀ (ਸਮਾਜਵੀਕਲੀ) : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਆਗਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਦਿੱਤੇ ਤਾਜ਼ਾ ਨੋਟਿਸ ਬਾਰੇ ਕਿਹਾ ਕਿ ਰਾਜ ਸਰਕਾਰ ਆਪਣੇ ਵਿਭਾਗਾਂ ਰਾਹੀਂ ਉਸ ਨੂੰ ਜਿੰਨੀ ਮਰਜ਼ੀ ਧਮਕੀਆਂ ਦੇ ਦੇਵੇ ਪਰ ਉਹ ਇੰਦਰਾ ਗਾਂਧੀ ਦੀ ਪੋਤੀ ਹੈ ਅਤੇ ਜਨਤਾ ਪ੍ਰਤੀ ਫ਼ਰਜ਼ ਨਿਭਾਉਂਦੇ ਹੋਏ ਸੱਚ ਨੂੰ ਆਪਣੇ ਸਾਹਮਣੇ ਰੱਖੇਗੀ।
ਉਨ੍ਹਾਂ ਟਵੀਟ ਕੀਤਾ, “ਇੱਕ ਜਨਤਕ ਸੇਵਕ ਵਜੋਂ ਮੇਰਾ ਫਰਜ਼ ਉੱਤਰ ਪ੍ਰਦੇਸ਼ ਦੇ ਲੋਕਾਂ ਪ੍ਰਤੀ ਹੈ ਅਤੇ ਇਹ ਫਰਜ਼ ਲੋਕਾਂ ਦੇ ਅੱਗੇ ਸੱਚ ਸਾਹਮਣੇ ਰੱਖਣਾ ਹੈ।” ਕਾਂਗਰਸ ਦੇ ਉੱਤਰ ਪ੍ਰਦੇਸ਼ ਇੰਚਾਰਜ ਨੇ ਕਿਹਾ,“ ਯੂਪੀ ਸਰਕਾਰ ਆਪਣੇ ਹੋਰ ਵਿਭਾਗਾਂ ਨਾਲ ਮੈਨੂੰ ਫ਼ਜ਼ੂਲ ਜਿਹੀਆਂ ਧਮਕੀਆਂ ਦੇ ਕੇ ਆਪਦਾ ਸਮਾਂ ਬਰਬਾਦ ਕਰ ਰਹੀ ਹੈ। ਜੋ ਤੁਸੀਂ ਕਰਨਾ ਚਾਹੁੰਦੇ ਹੋ, ਜ਼ਰੂਰ ਕਰੋ. ਮੈਂ ਸੱਚਾਈ ਸਾਹਮਣੇ ਰੱਖਾਂਗੀ, ਮੈਂ ਇੰਦਰਾ ਗਾਂਧੀ ਦੀ ਪੋਤੀ ਹਾਂ, ਕੁਝ ਵਿਰੋਧੀ ਨੇਤਾਵਾਂ ਦੀ ਤਰ੍ਹਾਂ ਭਾਜਪਾ ਦਾ ਅਣਐਲਾਨੀ ਬੁਲਾਰਾ ਨਹੀਂ।