ਮੋਗਾ (ਸਮਾਜ ਵੀਕਲੀ): ਬੌਲੀਵੁੱਡ ਅਦਾਕਾਰ ਸੋਨੂ ਸੂਦ ਦਾ ਕਹਿਣਾ ਹੈ ਕਿ ਉਹ ਅਜੇ ਰਾਜਨੀਤੀ ਵਿਚ ਆਉਣ ਲਈ ਤਿਆਰ ਨਹੀਂ। ਮੋਗਾ ਸਥਿਤ ਆਪਣੇ ਘਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰ ਨੇ ਸਪੱਸ਼ਟ ਕੀਤਾ ਕਿ ਉਸ ਨੂੰ ਕਾਫ਼ੀ ਸਮੇਂ ਤੋਂ ਸਿਆਸੀ ਪਾਰਟੀਆਂ ਵਲੋਂ ਰਾਜਨੀਤੀ ’ਚ ਆਉਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਪਰ ਉਹ ਹਾਲੇ ਸਿਆਸਤ ਵਿੱਚ ਪੈਰ ਨਹੀਂ ਧਰੇਗਾ। ਇਸ ਮੌਕੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਵੀ ਮੌਜੂਦ ਸਨ, ਜਿਨ੍ਹਾਂ ਨੇ ਸਿਆਸਤ ਅਤੇ ਫਿਲਮਾਂ ’ਚ ਜਾਣ ਦੀ ਚਰਚਾ ਸਬੰਧੀ ਗੇਂਦ ਲੋਕਾਂ ਦੇ ਪਾਲੇ ’ਚ ਸੁੱਟ ਦਿੱਤੀ। ਅਦਾਕਾਰ ਨੇ ਸਪੱਸ਼ਟ ਕਿਹਾ ਕਿ ਉਸਨੇ ਆਪਣੀ ਭੈਣ ਮਾਲਵਿਕਾ ਨੂੰ ਆਖਿਆ ਜਿਸ ਦਿਨ ਰਾਜਨੀਤੀ ’ਚ ਜਾਣ ਦਾ ਮਨ ਕਰੇ, ਉਹ ਡੰਕੇ ਦੀ ਚੋਟ ’ਤੇ ਐਲਾਨ ਕਰੇ। ਲੋਕਾਂ ਦੀ ਸੇਵਾ ਕਰਨ ਦੇ ਜਨੂੰਨ ਨਾਲ ਰਾਜਨੀਤੀ ’ਚ ਆਉਣਾ ਗਲਤ ਨਹੀਂ, ਗਲਤ ਤਾਂ ਚੋਣਾਂ ਮਗਰੋਂ ਘਰ ਬੈਠ ਜਾਣਾ ਅਤੇ ਲੋਕਾਂ ਨੂੰ ਮੂੰਹ ਨਾ ਦਿਖਾਉਣਾ ਹੈ।
ਇਸ ਮੌਕੇ ਸੋਨੂ ਸੂਦ ਨੇ ਕਰੋਨਾ ਕਾਲ ’ਚ ਕੀਤੀ ਗਈ ਮਿਸਾਲੀ ਸਮਾਜ ਸੇਵਾ ਬਾਰੇ ਕਿਹਾ ਕਿ ਰਾਜਨੀਤੀ ਤੋਂ ਦੂਰ ਰਹਿਣ ਕਰ ਕੇ ਹੀ ਉਹ ਲੋਕਾਂ ਦੀ ਮਦਦ ਕਰ ਸਕਿਆ। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਆਉਣ ਵਾਲੇ ਦਿਨਾਂ ਵਿੱਚ ਸੁਪਰ ਹੀਰੋ ਦੇ ਰੂਪ ਵਿੱਚ ਪਰਦੇ ’ਤੇ ਦਿਖਾਈ ਦੇਵੇਗਾ। ਇਸ ਮੌਕੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਰਾਜਨੀਤੀ ਵਿੱਚ ਆਉਣ ਦਾ ਸੰਕੇਤ ਦਿੰਦਿਆਂ ਆਖਿਆ ਕਿ ਸਿਆਸਤ ’ਚ ਆਉਣ ਤੋਂ ਕੋਈ ਪਰਹੇਜ਼ ਨਹੀਂ ਹੈ ਪਰ ਅਜੇ ਲੋਕ ਸੇਵਾ ਦਾ ਦਾਇਰਾ ਵਧਾਉਣਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly