(ਸਮਾਜ ਵੀਕਲੀ)
ਊੜੇ ਤੋਂ ਰਾੜ੍ਹੇ ਤੱਕ ਪੈਂਤੀ ਪੜ੍ਹਦਾਂ
ਸ਼ ਲ਼ ਆਲ਼ੀ ਲਾਈਨ ਵੀ ਪੜ੍ਹਦਾਂ
ਸਾਰੇ ਅੱਖਰ ਸੰਪੂਰਨ ਜਾਪਣ…
ਫ਼ਿਰ ਕੰਨਾ, ਬਿੰਦੀ, ਟਿੱਪੀ ਤੇ ਸਿਹਾਰੀ ਬਾਰੇ ਸੋਚਦਾਂ
ਸਣੇ ਅੱਧਕ ਤੇ ਲਾਂ ਦੁਲਾਂ ਬਾਰੇ ਵੀ
ਔਂਕੜ ਦੁਲੈਂਕੜ ਤੇ ਹੋੜਾ ਕਨੌੜਾ ਵੀ ਸਾਹਵੇਂ ਦਿਸਦੇ
ਸਭ ਦੀ ਆਪੋ ਆਪਣੀ ਪਹਿਚਾਣ…
ਅਰਥ ਸਿਰਜਦੇ ਸਭ ਮਿਲ਼ਕੇ
ਜੂਨ ਹੰਢਾਉਂਦੇ ਸ਼ਬਦਾਂ ਦੀ
ਗੂੜ੍ਹੇ ਨੇ ਸਾਕ ਇਹਨਾਂ ਦੇ
ਮਜ਼ਬੂਤ ਰਿਸ਼ਤੇਦਾਰੀਆਂ
ਹੱਸਦਾ ਵੱਸਦਾ ਪਰਵਾਰ ਲਗਦਾ…
ਸਾਹਿਤ ਦੀਆਂ ਅਮੀਰ ਸਿਨਫ਼ਾਂ
ਕਵਿਤਾ, ਗੀਤ, ਗ਼ਜ਼ਲ, ਕਹਾਣੀ ਤੇ ਲੇਖ ਬਣਦੇ
ਸਭ ਅੱਖਰ ‘ਫ਼ਰਜ਼’ ਨਿਭਾਉਂਦੇ
ਬਿੰਦੀ, ਹਾਹੇ ਤੇ ਰਾਰੇ ਵਰਗੇ ਤਾਂ ਵਿਚਾਰੇ
ਪੈਰੀਂ ਪੈਣ ਤੱਕ ਜਾਂਦੇ …
ਪਰ ਊੜਾ, ਆੜਾ ਤੇ ਈੜੀ ਵਰਗੇ
ਕੰਨੇ, ਔਂਕੜ, ਹੋੜ੍ਹੇ ਤੇ ਲਾਂ ਦੁਲਾਂ ਵਰਗਿਆਂ ਤੋਂ
ਖ਼ਾਸੀ ਵਿੱਥ ਰੱਖਦੇ ….
ਬਿਲਕੁਲ ਇਨਸਾਨੀ ਸੁਭਾਅ ਵਾਂਗ
….ਤੇ ਉਸੇ ਵੇਲ਼ੇ
ਇਨਸਾਨੀ ਭੇਸ ‘ਚ ਤੁਰੀਆਂ ਫ਼ਿਰਦੀਆਂ
ਊੜੇ, ਆੜੇ ਤੇ ਈੜੀ ਵਰਗੀਆਂ ਅਨੇਕ ਰੂਹਾਂ
ਇਸ ਵਿਸ਼ਾਲ ਧਰਤ ‘ਤੇ
ਕੀੜੀਆਂ ਵਾਂਗ ਰੇਂਗਦੀਆਂ ਮਹਿਸੂਸ ਹੋਈਆਂ
ਜੁ ਕਦੇ ਨਹੀਂ ਸਮਝ ਸਕੀਆਂ
ਰਿਸ਼ਤਿਆਂ ਦੀ ਪੈਂਤੀ …..
ਰਾਜਿੰਦਰ ਸਿੰਘ ਜੱਸਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly