ਮੇਲਾ ਮਾਘੀ: ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਪਈ ਮੀਂਹ ਦੀ ਮਾਰ

ਸ੍ਰੀ ਮੁਕਤਸਰ ਸਾਹਿਬ- ਸ਼ਹੀਦੀ ਜੋੜ ਮੇਲਿਆਂ ਉੱਪਰ ਸਿਆਸੀ ਕਾਨਫਰੰਸਾਂ ਨਾ ਕਰਨ ਸਬੰਧੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਾਂ ਦੇ ਬਾਵਜੂਦ ਅਕਾਲੀ ਦਲ ਬਾਦਲ ਵੱਲੋਂ ਮੇਲਾ ਮਾਘੀ ਮੌਕੇ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਨੂੰ ਉਸ ਵੇਲੇ ਭਾਰੀ ਮਾਰ ਪਈ ਜਦੋਂ ਤੇਜ਼ ਮੀਂਹ ਨੇ ਕਾਨਫਰੰਸ ਵਾਲੀ ਜਗ੍ਹਾ ਪਾਣੀ ਨਾਲ ਭਰ ਦਿੱਤੀ। ਹਾਲਾਂਕਿ ਪਹਿਲਾਂ ਤੋਂ ਹੀ ਮੀਂਹ ਦੀਆਂ ਮਿਲ ਰਹੀਆਂ ਕਨਸੋਆਂ ਨੂੰ ਧਿਆਨ ਵਿੱਚ ਰੱਖਦਿਆਂ ਕਾਨਫਰੰਸ ਦੀ ਸਟੇਜ ’ਤੇ ਪੰਡਾਲ ਦਾ ਕੁਝ ਹਿੱਸਾ ਵਾਟਰ ਪਰੂਫ ਕੀਤਾ ਗਿਆ ਸੀ ਪਰ ਰਾਤ ਤੋਂ ਪੈ ਰਹੇ ਮੀਂਹ ਨੇ ਸਾਰੀਆਂ ਵਿਉਂਤਬੰਦੀਆਂ ਫੇਲ੍ਹ ਕਰ ਦਿੱਤੀਆਂ। ਤਰਨ ਤਾਰਨ ਦੀ ਟੈਂਟ ਹਾਊਸ ਕੰਪਨੀ ਦੇ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 36 ਲੱਖ ਰੁਪਏ ਦਾ ਖ਼ਰਚਾ ਹੋਇਆ ਹੈ ਜਿਸ ਵਿੱਚ ਕਰੀਬ 12 ਹਜ਼ਾਰ ਵਰਗ ਫੁੱਟ ਵਿੱਚ ਤਿੰਨ ਦਿਨਾਂ ਤੋਂ ਲਾਇਆ ਜਾ ਰਿਹਾ ਪੰਡਾਲ ਮੀਂਹ ਦੇ ਇਕ ਝਟਕੇ ਕਾਰਨ ਹੀ ਬਰਬਾਦ ਹੋ ਗਿਆ।
ਕਾਨਫਰੰਸ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਸਮ ਦੇ ਵਿਗੜੇ ਮਿਜ਼ਾਜ ਨੂੰ ਧਿਆਨ ਵਿੱਚ ਰਖਦਿਆਂ ਹੁਣ ਇਹ ਕਾਨਫਰੰਸ ਮਲੋਟ ਰੋਡ ਉੱਪਰ ਸਥਿਤ ਨਰਾਇਣਗੜ੍ਹ ਪੈਲੇਸ ਵਿਚ ਕਰਨ ਦਾ ਫ਼ੈਸਲਾ ਲਿਆ ਹੈ। ਪੈਲੇਸ ਦੇ ਪ੍ਰਬੰਧਕ ਸੁਖਵੰਤ ਸਿੰਘ ਨੇ ਦੱਸਿਆ ਕਿ ਹਾਲ ਦੇ ਅੰਦਰ ਦੋ ਕੁ ਹਜ਼ਾਰ ਬੰਦਾ ਬੈਠ ਸਕਦਾ ਹੈ ਤੇ ਜੇ ਮੌਸਮ ਠੀਕ ਰਿਹਾ ਤਾਂ ਖੁੱਲ੍ਹੇ ਵਿੱਚ ਵੀ ਦੋ ਕੁ ਹਜ਼ਾਰ ਬੰਦੇ ਬੈਠ ਸਕਦੇ ਹਨ।
ਅਕਾਲੀ ਦਲ ਮਾਨ ਕਾਨਫਰੰਸ ਸਬੰਧੀ ਪੂਰੇ ਜੋਸ਼ ਵਿੱਚ ਹੈ। ਮਾਨ ਦਲ ਦੀ ਕਾਨਫਰੰਸ ਡੇਰਾ ਭਾਈ ਮਸਤਾਨ ਸਿੰਘ ਵਿਚ ਲੱਗਣੀ ਹੈ ਜਿਹੜਾ ਕਿ ਉੱਚੀ ਥਾਂ ’ਤੇ ਹੈ। ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਨੇ ਦੱਸਿਆ ਕਿ ਕਾਨਫਰੰਸ ਵਿੱਚ ਵੱਡੀ ਗਿਣਤੀ ’ਚ ਸੀਨੀਅਰ ਅਕਾਲੀ ਆਗੂ ਸ਼ਾਮਲ ਹੋਣਗੇ।

Previous article‘Early to be pessimistic about dialogue with N. Korea’
Next articleਚੰਦਰ ਸ਼ੇਖ਼ਰ ਆਜ਼ਾਦ ਨੂੰ ਏਮਜ਼ ਲਿਜਾਇਆ ਗਿਆ