ਜੈਪੁਰ (ਸਮਾਜਵੀਕਲੀ) : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਵਿਰੋਧੀ ਧਿਰ ਭਾਜਪਾ ’ਤੇ ਊਨ੍ਹਾਂ ਦੇ ਵਿਧਾਇਕਾਂ ਨੂੰ ਵੱਡੀ ਰਕਮ ਦੇ ਕੇ ਊਨ੍ਹਾਂ ਦੀ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਲਾਏ ਹਨ। ਊਨ੍ਹਾਂ ਕਿਹਾ ਕਿ ਊਨ੍ਹਾਂ ਦੀ ਸਰਕਾਰ ਸਥਿਰ ਹੈ ਅਤੇ ਆਪਣੇ ਪੰਜ ਸਾਲ ਪੂਰੇ ਕਰੇਗੀ।
ਪ੍ਰੈੱਸ ਕਾਨਫਰੰਸ ਮੌਕੇ ਊਨ੍ਹਾਂ ਦੋਸ਼ ਲਾਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਊਨ੍ਹਾਂ ਦੀ ਸਰਕਾਰ ਬਰਦਾਸ਼ਤ ਨਹੀਂ ਹੋ ਰਹੀ, ਜਿਸ ਕਰਕੇ ਸਾਜ਼ਿਸ਼ ਘੜੀ ਜਾ ਰਹੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ, ‘‘ਕੇਂਦਰੀ ਆਗੂਆਂ ਦੇ ਕਹਿਣ ’ਤੇ ਭਾਜਪਾ ਆਗੂਆਂ ਵਲੋਂ ਖੇਡ ਖੇਡੀ ਜਾ ਰਹੀ ਹੈ। ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ… 10 ਕਰੋੜ ਰੁਪਏ ਐਡਵਾਂਸ ਅਤੇ 15 ਕਰੋੜ ਰੁਪਏ ਸਰਕਾਰ ਡੇਗਣ ਤੋਂ ਬਾਅਦ।’’
ਊਨ੍ਹਾਂ ਕਿਹਾ ਕਿ ਭਾਜਪਾ ਵਲੋਂ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਅਤੇ ਭਾਜਪਾ ‘ਬੱਕਰਾ ਮੰਡੀ’ ਵਾਂਗ ਸਿਆਸਤ ਕਰ ਰਹੀ ਹੈ, ਜਿੱਥੇ ਬੱਕਰੀਆਂ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਹੈ। ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਆਗੂ ਗੁਲਾਬ ਚੰਦ ਕਟਾਰੀਆ, ਊਪ ਆਗੂ ਰਾਜੇਂਦਰ ਰਾਠੌਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੇ ਨਾਂ ਲੈ ਕੇ ਦਾਅਵਾ ਕੀਤਾ ਕਿ ਇਨ੍ਹਾਂ ਵਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਏਜੰਡੇ ਨੂੰ ਫੈਲਾਇਆ ਜਾ ਰਿਹਾ ਹੈ।
ਦੂਜੇ ਪਾਸੇ, ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੁੂਨੀਆ ਨੇ ਸੂਬੇ ਦੀ ਸਿਆਸੀ ਸਥਿਤੀ ਲਈ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਵਲੋਂ ਧਿਆਨ ਹਟਾਊਣ ਲਈ ਭਾਜਪਾ ’ਤੇ ਦੋਸ਼ ਮੜੇ ਜਾ ਰਹੇ ਹਨ। ਊਨ੍ਹਾਂ ਕਿਹਾ ਕਿ ਊਹ (ਗਹਿਲੋਤ) ਕਾਂਗਰਸ ਦੇ ਸੀਨੀਅਰ ਆਗੂ ਹਨ ਅਤੇ ਊਨ੍ਹਾਂ ਦਾ ਦਰਦ ਜਾਇਜ਼ ਹੈ ਕਿਉਂਕਿ ਕਾਂਗਰਸ ਪੂਰੇ ਦੇਸ਼ ਵਿੱਚ ਸੁੰਗੜ ਗਈ ਹੈ।