(ਸਮਾਜ ਵੀਕਲੀ)
ਮੇਰੀ ਮਾਂ ਤੇ ਬੋਲੀ ਮੇਰੀ , ਦੋਨੋ ਹੀ ਪੰਜਾਬੀ
ਮਾਂ ਦੇ ਦੁੱਧ ਦੇ ਨਾਲ ਹੀ ਚੁੰਘੀ ਮੁੱਢੋਂ ਹੀ ਪੰਜਾਬੀ
ਭਾਵੇਂ ਮਾਂ ਹੁਣ ਮੰਮੀ ਹੋ ਗਈ , ਰਹੀ ਫਿਰ ਵੀ ਪੰਜਾਬੀ
ਲੋਰੀ ਲਾਡ ,ਦੁਲਾਰ ਤੇ ਦਬਕਿਆਂ ਵਿੱਚ ਦਿਸਦੀ ਪੰਜਾਬੀ
ਬਾਪੂ ਦੇ ਤੁਰਲ੍ਹੇ ਨਾਲ ਫੱਬਦੀ ਮੁੱਛ ਖੜਦੀ ਪੰਜਾਬੀ
ਗੁੱਸੇ ਵੇਲੇ ਗਾਲ੍ਹ ਕਰਾਰੀ , ਸਭ ਜ਼ਰ੍ਹਦੀ ਪੰਜਾਬੀ।
ਗੱਪਾਂ ਵਿਹਲੇ ਸਮੇਂ ਦੀ ਸਾਥਣ, ਮੌਜਾਂ ਵਿੱਚ ਪੰਜਾਬੀ
ਨੱਚਣ, ਟੱਪਣ , ਜੰਮਣੇ ,ਧਰਨੇ, ਭੋਗਾਂ ਵਿੱਚ ਪੰਜਾਬੀ
ਪਰ ! ਦੁੱਖ ਨਾਲ ਹੈ ਕਹਿਣਾ ਪੈਂਦਾ , ਹੁਣ ਕੀ ਕਰੇ ਪੰਜਾਬੀ
ਮਾਂ ਦੇ ਨਾਲ ਹੀ ਬੁੱਢੀ ਹੋ ਗਈ , ਰੋਜ਼ ਹੀ ਮਰੇ ਪੰਜਾਬੀ
ਵਿਹਲੇ ਹੱਥ ,ਮਹਿੰਗਾਈਆਂ ਮਾਰੀ , ਜਨਤਾ ਦੁਖੀ ਪੰਜਾਬੀ
ਧੀਆਂ ਪੁੱਤਾਂ ਨਾਲ ਹੀ ਰੁੱਲ ਗਈ ਝੱਲ ਬੇਰੁੱਖੀ ਪੰਜਾਬੀ
ਠੰਡੇ ਚੁੱਲੇ , ਸੁੱਕੇ ਥਣਾਂ ਨੇ ਮਾਂ ਬੇਕਦਰੀ ਕੀਤੀ
ਤਾਹੀਉਂ ਪੀਜ਼ੇ ਬਰਗਰ ਇੰਗਲਿ਼ਸ਼ ਦੀ ਹੈ ਪੁੱਛ ਪਰਤੀਤੀ
ਨਾਹਰੇ , ਬੈਨਰ, ਮਾਰਚ ਕੱਢਕੇ ਫੇਸ ਬੁੱਕ ਤੇ ਪੈ ਜਾਣਾ
ਕੁੱਝ ਅਖਬਾਰਾਂ ਦੇ ਵਿੱਚ ਫੋਟੋ ਲਾਕੇ ਘਰਾਂ ਚ’ ਬਹਿ ਜਾਣਾ
ਨੇਤਾ , ਲੇਖਕ ਰਸਮਾਂ ਕਰਕੇ ਸ਼ਰਧਾ ਫੁੱਲ ਚੜਾਉਂਦੇ
ਪਰ ਪਰਨਾਲਾ ਅਗਲੇ ਦਿਨ ਹੀ ਉਸੇ ਜਗਾਹ ਟਿਕਾਉਂਦੇ ।
ਮਾਂ ਬੋਲੀ ਜਦ ਤੱਕ ਨਹੀਂ ਦਿੰਦੀ ਰੋਜ਼ਗਾਰ ਦੇ ਮੌਕੇ
ਬਿਨ ਗਿਣਤੀ ਹੀ ਖਾਲੀ ਪਿੱਚ ਤੇ ਮਾਰੀ ਜਾਉ ਖਾਂ ਚੌਕੇ
ਕਲਮ ਦੁਆਤ ਤੋਂ ਕੀਬੋਰਡ ਦੀ ਮਾਰੀ ਛਾਲ ਪੰਜਾਬੀ
ਪਰ ਆਈਲੈਟਸ ਤੋਂ ਬਿਨਾ ਨਹੀ ਕੱਟਦਾ ਵਿੱਛਿਆ ਜਾਲ ਪੰਜਾਬੀ
ਰੱਬ ਆਸਰੇ ਦੁਨੀਆਂ ਛੱਡੀ, ਚੁਣੀ ਹੋਈ ਸਰਕਾਰਾਂ ਨੇ
ਜੇ ਨਹੀਂ ਜਾਗੇ ਮਾਂ ਤੇ ਬੋਲੀ ਮਾਰ ਦੇਣੀ ਹੈ ਮਾਰਾਂ ਨੇ
ਕੁੱਝ ਧਰਵਾਸ ਕਿਸਾਨਾ ਬੰਨਿਆ , “ਰੱਤੜੇ’ ਦੇ ਦਿਲ ਡੁੱਬੇ ਦਾ
ਸਾਰੇ ਮਿਲ ਕੇ ਲੱਤ ਜੇ ਮਾਰਨ ਕੁੱਬ ਨਿੱਕਲ ਜਾਉ ਕੁੱਬੇ ਦਾ
– ਕੇਵਲ ਸਿੰਘ ਰੱਤੜਾ
+91 82838 30599