ਮੇਰੀ ਮਾਂ …….

ਅੱਜ ਸਵੇਰੇ ਉੱਠੀ ਤਾਂ ਬੁਖਾਰ ਸੀ ਮੈਨੂੰ। ਪੂਰਾ ਸਰੀਰ ਭੱਠੀ ਵਾਂਗੂੰ ਤਪ ਰਿਹਾ ਸੀ। ਪਰ ਫੇਰ ਵੀ ਮੈਂ ਹਿੰਮਤ ਜੀ ਮਾਰ ਕੇ ਉੱਠ ਖੜੀ ਹੋਈ। ਘਰ ਦਾ ਸਾਰਾ ਕੰਮ ਕੀਤਾ। ਸਵੇਰ ਦੀ ਰੋਟੀ ਵਗੈਰਾ ਬਣਾਈ ਤੇ ਸਭ ਨੂੰ ਖਵਾ ਵੀ ਦਿੱਤੀ। ਸਾਰੇ ਰੋਟੀ ਖਾ ਕੇ ਆਵਦੇ ਆਵਦੇ ਕੰਮ ਧੰਦਿਆਂ ਤੇ ਲੱਗ ਗਏ। ਪਰ ਮੇਰੀ ਹਾਲਤ ਤੋਂ ਅਜੇ ਤੱਕ ਸਾਰੇ ਹੀ ਅਣਜਾਣ ਸੀ। ਕਿਸੇ ਨੂੰ ਵੀ ਇਸ ਚੀਜ ਦਾ ਅਹਿਸਾਸ ਨਹੀਂ ਸੀ ਕੇ ਮੈਂ ਠੀਕ ਨਹੀਂ। ਪਤਾ ਵੀ ਕਿਵੇਂ ਲਗਦਾ ਕਿਸੇ ਨੂੰ……। ਮੈਂ ਕਿਹੜਾ ਦੱਸਿਆ ਸੀ ਕੁਝ। ਬਸ ਕੰਮ ਨਬੇੜ ਕੇ ਹੀ ਜਿਵੇਂ ਸ਼ਰੀਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਹੁਣ ਹਿੰਮਤ ਨਹੀਂ ਸੀ ਹੁਣ ਤੁਰਨ ਤੱਕ ਦੀ ਵੀ। ਤੇ ਮੈਂ ਆਵਦੇ ਕਮਰੇ ਚ ਆ ਕੇ ਪੈ ਗਈ। ਬੁਖਾਰ ਨਾਲ ਕਦੋਂ ਅੱਖ ਲੱਗ ਗਈ, ਕੁਝ ਪਤਾ ਹੀ ਨਹੀਂ ਲੱਗਿਆ। ਇੰਨੇ ਨੂੰ ਸਿੰਮੂ ਮੇਰਾ ਫੋਨ ਲੈ ਕੇ ਆ ਗਿਆ। ਕਹਿੰਦਾ ਮੰਮਾ ਗੱਲ ਕਰਿਓ। ਮੇਰੇ ਚ ਇੰਨੀ ਹਿੰਮਤ ਵੀ ਨਾ ਪਈ ਕੇ ਓਹਨੂੰ ਪੁੱਛ ਲਵਾਂ ਕਿ ਕੌਣ ਆ ਫੋਨ ਤੇ। ਮੈਂ ਸਿੱਧਾ ਕੰਨ ਨਾਲ ਫੋਨ ਲਗਾ ਕੇ ਅਜੇ ਹੈਲੋ ਹੀ ਕਿਹਾ ਸੀ ਕਿ ਅੱਗੋਂ ਇੱਕ ਫਿਕਰ ਭਰੀ ਆਵਾਜ਼ ਨੂੰ ਸਵਾਲਾਂ ਦੀ ਲੜ੍ਹੀ ਲਗਾ ਦਿੱਤੀ………। “ਤੂੰ ਠੀਕ ਤਾਂ ਹੈਂ ਨਾੈ ਮੈਨੂੰ ਰਾਤ ਤੇਰਾ ਸੁਪਨਾ ਆਇਆ ਸੀ, ਵੀ ਤੂੰ ਕਿਸੇ ਅੱਗ ਦੇ ਭਰੇ ਖੂਹ ਚ ਚਲੀ ਜਾਨੀ ਐਂ। ਤੇਰਾ ਹੱਥ ਮੇਰੇ ਹੱਥ ਚੋਂ ਛੁੱਟ ਗਿਆ ਲੱਗਦਾ, ਤੇ ਤੇਰਾ ਸ਼ਰੀਰ ਓਸ ਅੱਗ ਦੀ ਭੱਠੀ ਚ ਤਪ ਰਿਹਾ। ਅੱਜ ਸਵੇਰ ਦੀ ਮੇਰੀ ਢੂਹੀ ਵੀ ਬਹੁਤ ਦੁਖੀ ਜਾਂਦੀ ਐ। ਤੇ ਜਦੋਂ ਵੀ ਮੇਰੀ ਢੂਹੀ ਦੁੱਖਦੀ ਹੁੰਦੀ ਐ, ਓਦੋਂ ਤੂੰ ਠੀਕ ਨਹੀਂ ਹੁੰਦੀ,,,,”  ਐਂਦਾ ਬਿਨਾ ਰੁਕੇ ਉਹ ਬੋਲੀ ਜਾ ਰਹੀ ਸੀ, ਤੇ ਏਧਰ ਓਹਨੂੰ ਬੋਲਦੀ ਨੂੰ ਸੁਣ ਕੇ ਮੇਰੀਆਂ ਅੱਖਾਂ ਚੋ ਪਾਣੀ ਨਹੀਂ ਸੀ ਰੁਕ ਰਿਹਾ। ਤੁਹਾਨੂੰ ਪਤਾ ਐ ਇਹ ਫਿਕਰ ਭਰੀ ਆਵਾਜ਼ ਕਿਸ ਦੀ ਸੀ………। ਕੌਣ ਸੀ ਉਹ ਜੋ ਮੇਰੇ ਤੋ ਕੋਹਾਂ ਦੂਰ ਹੋ ਕ ਕੇ ਵੀ ਮੇਰਾ ਦਰਦ ਮਹਿਸੂਸ ਕਰ ਰਹੀ ਸੀ। ਕੌਣ ਸੀ ਉਹ ਜੋ ਮੇਰੇ ਤੋ ਦੂਰ ਹੋ ਕ ਕੇ ਵੀ ਮੇਰੇ ਇੰਨੇ ਨੇੜੇ ਸੀੈ ਹੋਰ ਕੋਈ ਨਹੀਂ……। ਉਹ ਮੇਰੀ ਮਾਂ ਸੀ………………।ਮੇਰੀ ਮਾਂ………।।

 ਜਗਦੀਪ ਕੌਰ ਬਰਾੜ
ਅਧਿਆਪਿਕਾ,
ਫੇਬਲ ਪਬਲਿਕ ਸਕੂਲ ਕੋਟਕਪੂਰਾ

Previous articleਮਾਂ ਦਾ ਸਤਿਕਾਰ — ਜਿੰਦਗੀ ਦਾ ਅਧਾਰ
Next articleਕੌਮਾਂਤਰੀ ਨਰਸ ਦਿਵਸ – 12 ਮਈ