ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਵਿੱਚ ਵਿਰੋਧੀ ਪਾਰਟੀਆਂ ਦੇ ਗੱਠਜੋੜ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੀ ਜਾਤ ਉਹੀ ਹੈ, ਜੋ ਪੂਰੇ ਦੇਸ਼ ਦੇ ਗ਼ਰੀਬ ਗੁਰਬੇ ਦੀ ਹੈ। ਉਨ੍ਹਾਂ ਕਾਂਗਰਸ ਆਗੂ ਸੈਮ ਪਿਤਰੋਦਾ ਵੱਲੋਂ ’84 ਦੇ ਸਿੱਖ ਦੰਗਿਆਂ ਬਾਬਤ ਕੀਤੀਆਂ ਵਿਵਾਦਿਤ ਟਿੱਪਣੀਆਂ ਲਈ ਵੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਪਿਛਲੀ ਗੱਠਜੋੜ ਸਰਕਾਰ ’ਤੇ ਇੰਟੈਲੀਜੈਂਸ ਏਜੰਸੀਆਂ ਨੂੰ ਕਮਜ਼ੋਰ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ 21 ਸਾਲ ਪਹਿਲਾਂ ਅੱਜ ਦੇ ਦਿਨ ਹੀ ਪੋਖਰਨ ’ਚ ਸਫ਼ਲ ਪਰਮਾਣੂ ਧਮਾਕੇ ਦੀ ਸਫ਼ਲ ਅਜ਼ਮਾਇਸ਼ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਚਲਦਿਆਂ ਦਲਿਤ ਮਹਿਲਾ ਨਾਲ ਸਮੂਹਕ ਜਬਰਜਨਾਹ ਦੀ ਘਟਨਾ ਨੂੰ ਲੁਕਾ ਕੇ ਰੱਖਿਆ। ਇਥੇ ਚੋਣ ਰੈਲੀ ਮੌਕੇ ਪ੍ਰਧਾਨ ਮੰਤਰੀ ਨੇ ਸਪਾ ਤੇ ਬਸਪਾ ਦੇ ਗੱਠਜੋੜ ਨੂੰ ‘ਮਹਾਂਮਿਲਾਵਟੀ’ ਦਸਦਿਆਂ ਕਿਹਾ, ‘ਪਹਿਲਾਂ ਉਨ੍ਹਾਂ ਉੱਤਰ ਪ੍ਰਦੇਸ਼ ਨੂੰ ਤਬਾਹ ਕੀਤਾ ਤੇ ਹੁਣ ਸਪਾ ਤੇ ਬਸਪਾ ਖੁ਼ਦ ਨੂੰ ਤਬਾਹੀ ਤੋਂ ਬਚਾਉਣ ਲਈ ਇਕੱਠੇ ਹੋਏ ਹਨ।’ ਬਸਪਾ ਮੁਖੀ ਮਾਇਆਵਤੀ ਦੇ ਇਸ ਬਿਆਨ ਕਿ ਮੋਦੀ ‘ਫ਼ਰਜ਼ੀ ਬੈਕਵਰਡ’ ਹੈ, ਦੀ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਹੁਣ ਉਨ੍ਹਾਂ ਮੇਰੀ ਜਾਤ ਬਾਰੇ ਨਵੀਂ ਚੀਜ਼ ਸ਼ੁਰੂ ਕੀਤੀ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗਾ ਕਿ ਮੋਦੀ ਗਰੀਬਾਂ ਗੁਰਬੇ ਦੀ ਜਾਤ ਨਾਲ ਸਬੰਧ ਰੱਖਦਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਵਿੱਚ ਤੀਜੇ ਫ਼ਰੰਟ ਦੀ ਸਰਕਾਰ ਮੌਕੇ, ਜਿਸ ਵਿੱਚ ਸਪਾ ਵੀ ਸ਼ਾਮਲ ਸੀ, ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਕਿਹਾ, ‘ਸਾਡੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਪਹਿਲਾਂ ਦੀ ‘ਮਹਾਂਮਿਲਾਵਟੀ’ ਸਰਕਾਰ ਨੇ ਕਮਜ਼ੋਰ ਕੀਤਾ, ਪਰ ਵਾਜਪਾਈ ਸਰਕਾਰ ਨੇ ਆ ਕੇ ਸਭ ਕੁਝ ਮੁੜ ਸਹੀ ਰਸਤੇ ਪਾਇਆ।’ ਉਨ੍ਹਾਂ ਅੱਜ ਦੇ ਦਿਨ 1998 ਵਿੱਚ ਪੋਖਰਨ ’ਚ ਕੀਤੇ ਸਫ਼ਲ ਪਰਮਾਣੂ ਪ੍ਰੀਖਣ ਲਈ ਵਿਗਿਆਨੀਆਂ ਦੀ ਤਾਰੀਫ਼ ਕੀਤੀ। ਇਸ ਦੌਰਾਨ ਗਾਜ਼ੀਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰੰਤਰੀ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਦਲਿਤ ਮਹਿਲਾ ਨਾਲ ਜਬਰ-ਜਨਾਹ ਸਬੰਧੀ ਖ਼ਬਰ ਨੂੰ ਸੰਸਦੀ ਚੋਣਾਂ ਦੇ ਚਲਦਿਆਂ ਦਬਾਈ ਰੱਖਿਆ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇ ਬਾਵਜੂਦ ਰਾਜਸਥਾਨ ਪੁਲੀਸ ਨੇ ਕਾਰਵਾਈ ਕਰਨੀ ਮੁਨਾਸਿਬ ਨਹੀਂ ਸਮਝੀ।
HOME ਮੇਰੀ ਜਾਤ ਦੇਸ਼ ਦੇ ਗ਼ਰੀਬ-ਗੁਰਬੇ ਵਾਲੀ: ਮੋਦੀ