ਮੇਰੀਕੌਮ ਤੇ ਨਿਖ਼ਤ ’ਚ ਹੋਵੇਗਾ ਫਾਈਨਲ

ਨਵੀਂ ਦਿੱਲੀ-ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀਕੋਮ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਮਹਿਲਾ ਮੁੱਕੇਬਾਜ਼ੀ ਟਰਾਇਲਜ਼ ਦੇ 51 ਕਿਲੋ ਫਾਈਨਲ ਵਿੱਚ ਨਿਖ਼ਤ ਜ਼ਰੀਨ ਨਾਲ ਭਿੜੇਗੀ। ਦੋਵਾਂ ਨੇ ਇੱਥੇ ਅੱਜ ਆਪਣੇ ਪਹਿਲੇ ਗੇੜ ਦੇ ਮੁਕਾਬਲਿਆਂ ਦੌਰਾਨ ਜਿੱਤਾਂ ਦਰਜ ਕੀਤੀਆਂ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਖ਼ਤ ਜ਼ਰੀਨ ਨੇ ਜੋਤੀ ਗੁਲੀਆ ਨੂੰ ਹਰਾਇਆ, ਜਦਕਿ ਕਈ ਵਾਰ ਦੀ ਏਸ਼ਿਆਈ ਚੈਂਪੀਅਨ ਮੇਰੀਕੌਮ ਨੇ ਰਿਤੂ ਗਰੇਵਾਲ ਨੂੰ ਮਾਤ ਦਿੱਤੀ। ਦੋ ਰੋਜ਼ਾ ਟਰਾਇਲ ਸ਼ਨਿੱਚਰਵਾਰ ਨੂੰ ਖ਼ਤਮ ਹੋਣਗੇ। ਓਲੰਪਿਕ ਕੁਆਲੀਫਾਇਰ ਲਈ ਚੋਣ ਨੀਤੀ ਬਾਰੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਦੇ ਢਿੱਲੇ ਰਵੱਈਏ ਮਗਰੋਂ ਜ਼ਰੀਨ ਨੇ ਕੁੱਝ ਹਫ਼ਤੇ ਪਹਿਲਾਂ ਮੇਰੀਕੌਮ ਖ਼ਿਲਾਫ਼ ਟਰਾਇਲ ਕਰਵਾਉਣ ਦੀ ਮੰਗ ਕੀਤੀ ਸੀ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੇਰੀਕੌਮ ਨੇ ਕਿਹਾ ਸੀ ਕਿ ਉਹ ਬੀਐੱਫਆਈ ਦੀ ਨੀਤੀ ਦਾ ਪਾਲਣ ਕਰੇਗੀ, ਜਿਸ ਨੇ ਅਖ਼ੀਰ ਵਿੱਚ ਟਰਾਇਲਜ਼ ਕਰਵਾਉਣ ਦਾ ਫ਼ੈਸਲਾ ਕੀਤਾ। ਬੀਐੱਫਆਈ ਪ੍ਰਧਾਨ ਅਜੈ ਸਿੰਘ ਨੇ ਇੱਕ ਸਨਮਾਨ ਸਮਾਰੋਹ ਦੌਰਾਨ ਇਹ ਐਲਾਨ ਕਰਕੇ ਮਸਲੇ ਨੂੰ ਹਵਾ ਦੇ ਦਿੱਤੀ ਸੀ ਕਿ ਮੇਰੀਕੌਮ ਨੂੰ ਉਸ ਦੇ ਕੌਮਾਂਤਰੀ ਪੱਧਰ ’ਤੇ ਪ੍ਰਦਰਸ਼ਨ ਕਾਰਨ ਬਿਨਾਂ ਟਰਾਇਲ ਦੇ ਓਲੰਪਿਕ ਕੁਆਲੀਫਾਇਰ ਲਈ ਚੁਣਿਆ ਜਾਵੇਗਾ। ਇਸ ਤੋਂ ਨਾਰਾਜ਼ ਜ਼ਰੀਨ ਨੇ ਢੁਕਵਾਂ ਮੌਕਾ ਦੇਣ ਦੀ ਮੰਗ ਕੀਤੀ ਸੀ। ਇੱਥੇ ਹੋਏ ਹੋਰ ਮੁਕਾਬਲਿਆਂ ਦੌਰਾਨ ਵਿਸ਼ਵ ਡਬਲਜ਼ ਸੋਨ ਤਗ਼ਮਾ ਜੇਤੂ ਸਾਕਸ਼ੀ ਨੇ 57 ਕਿਲੋ ਵਿੱਚ ਏਸ਼ਿਆਈ ਚਾਂਦੀ ਦਾ ਤਗ਼ਮਾ ਜੇਤੂ ਮਨੀਸ਼ਾ ਮੌਨ ਨੂੰ ਹਰਾਇਆ, ਜਦਕਿ ਸਾਬਕਾ ਕੌਮੀ ਚੈਂਪੀਅਨ ਸਿਮਰਨਜੀਤ ਕੌਰ ਨੇ 60 ਕਿਲੋ ਵਿੱਚ ਪਵਿੱਤਰਾ ਨੂੰ ਸ਼ਿਕਸਤ ਦਿੱਤੀ। ਸਾਬਕਾ ਵਿਸ਼ਵ ਚੈਂਪੀਅਨ ਅਤੇ ਮਾਹਿਰ ਮੁੱਕੇਬਾਜ਼ ਐੱਲ ਸਰਿਤਾ ਦੇਵੀ ਫਾਈਨਲ ਵਿੱਚ ਸਿਮਰਨਜੀਤ ਕੌਰ ਨਾਲ ਭਿੜੇਗੀ। ਸਰਿਤਾ ਨੇ ਸ਼ੁਰੂਆਤੀ ਮੁਕਾਬਲੇ ਵਿੱਚ ਸਾਬਕਾ ਯੂਥ ਵਿਸ਼ਵ ਚੈਂਪੀਅਨ ਸਾਕਸ਼ੀ ਚੋਪੜਾ ਨੂੰ ਹਰਾਇਆ ਹੈ। ਸੋਨੀਆ ਚਾਹਲ ਨੂੰ ਹਰਾਉਣ ਮਗਰੋਂ ਸਾਬਕਾ ਵਿਸ਼ਵ ਚਾਂਦੀ ਦਾ ਤਗ਼ਮਾ ਜੇਤੂ ਸੋਨੀਆ ਲਾਠੇਰ ਦਾ ਸਾਹਮਣਾ 57 ਕਿਲੋ ਦੇ ਫਾਈਨਲ ਵਿੱਚ ਸਾਕਸ਼ੀ ਨਾਲ ਹੋਵੇਗਾ। ਏਸ਼ਿਆਈ ਖੇਡਾਂ ਦੀ ਸਾਬਕਾ ਕਾਂਸੀ ਦਾ ਤਗ਼ਮਾ ਜੇਤੂ ਪੂਜਾ ਰਾਣੀ ਨੇ 75 ਕਿਲੋ ਵਰਗ ਵਿੱਚ ਇੰਦਰਜਾ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਓਲੰਪਿਕ ਕੁਆਲੀਫਾਇਰ ਅਗਲੇ ਸਾਲ ਫਰਵਰੀ ਵਿੱਚ ਚੀਨ ਵਿੱਚ ਕਰਵਾਏ ਜਾਣਗੇ। ਮਹਿਲਾ ਮੁੱਕੇਬਾਜ਼ੀ ਵਿੱਚ ਸਾਰੇ ਪੰਜ ਵਰਗਾਂ (51 ਕਿਲੋ, 57 ਕਿਲੋ, 60 ਕਿਲੋ, 69 ਕਿਲੋ ਅਤੇ 75 ਕਿਲੋ) ਦਾ ਫ਼ੈਸਲਾ ਟਰਾਇਲ ਨਾਲ ਹੀ ਹੋਵੇਗਾ ਕਿਉਂਕਿ ਕੋਈ ਵੀ ਮੁੱਕੇਬਾਜ਼ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ ਸੀ। ਪੁਰਸ਼ਾਂ ਦਾ ਦੋ ਰੋਜ਼ਾ ਟਰਾਇਲ ਕਰਨਾਟਕ ਦੇ ਬੇਲਾਰੀ ਵਿੱਚ ਐਤਵਾਰ ਤੋਂ ਸ਼ੁਰੂ ਹੋਵੇਗਾ। 

Previous articleਕਿਰਤ ਮੰਤਰਾਲਾ ਜਨਵਰੀ ਤੋਂ ਲਾਗੂ ਕਰੇਗਾ ਪੈਨਸ਼ਨ ‘ਕਮਿਊਟੇਸ਼ਨ’ ਸਹੂਲਤ
Next articleਰਣਜੀ ਟਰਾਫ਼ੀ: ਪੰਜਾਬ ਤੇ ਵਿਦਰਭ ਦਾ ਮੈਚ ਡਰਾਅ ਵੱਲ