ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੇ ਮਾਰਕੀਟ ਕਮੇਟੀ ਬੁਢਲਾਡਾ ਅਧੀਨ ਆਉਂਦੇ ਪਿੰਡ ਫਫੜੇ ਭਾਈਕੇ ਦੀ ਸੱਥ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿਸ਼ਵਾਸ ਦਿਵਾਇਆ ਹੈ ਕਿ ਜੇ ਇਸ ਵਾਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਬਜਟ ਸੈਸ਼ਨ ਵਿੱਚ ਕਿਸਾਨ ਬਜਟ ਪੇਸ਼ ਕੀਤਾ ਜਾਵੇਗਾ। ਇਕੱਠ ਵਿੱਚ ਵੱਡੀ ਗਿਣਤੀ ਔਰਤਾਂ ਤੇ ਕਿਸਾਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਉਨ੍ਹਾਂ ਦੀ ਟੱਕਰ ਦੁਨੀਆਂ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਨਾਲ ਹੈ, ਜਿਹੜਾ ਪੰਜਾਬ ਨੂੰ ਚੂੰਡ-ਚੂੰਡ ਕੇ ਖਾ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਤਾਕਤਵਾਰ ਪਰਿਵਾਰ ਦਾ ਪੁੱਤਰ ਮੰਤਰੀ, ਨੂੰਹ ਮੰਤਰੀ, ਜਵਾਈ ਮੰਤਰੀ, ਪੁੱਤ ਦਾ ਸਾਲਾ ਮੰਤਰੀ ਅਤੇ ਹੋਰ ਪਤਾ ਨਹੀਂ ਕਿੰਨ੍ਹੇ ਕੁ ਰਿਸ਼ਤੇਦਾਰ ਇਨ੍ਹਾਂ ਨੇ ਮੰਤਰੀ ਬਣਾਏ ਨੇ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਕੋਲ 7 ਕਰੋੜ ਰੁਪਏ ਦੇ ਤਾਂ ਗਹਿਣੇ ਹਨ, ਹੋਰ ਚੱਲ-ਅਚੱਲ ਜਾਇਦਾਦ ਗਿਣੀ ਨਹੀਂ ਜਾ ਸਕਦੀ। ਬਾਦਲ ਆਪਣੇ ਆਪ ਨੂੰ ਸਾਧਾਰਨ ਕਿਸਾਨ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਔਰਤਾਂ ਦੇ ਖ਼ਾਤੇ ਵਿੱਚ ਹਰ ਮਹੀਨੇ 6 ਹਜ਼ਾਰ ਰੁਪਏ ਭੇਜੇ ਜਾਣਗੇ। ਉਨ੍ਹਾਂ ਸੁਖਬੀਰ ਵੱਲੋਂ ਕਾਂਗਰਸ ਤੋਂ ਇਹ ਪੁੱਛਣ ਕਿ ਉਸ ਨੇ ਕੀ ਕੀਤਾ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਅਕਾਲੀ ਦਲ ਭਾਜਪਾ ਗਠਜੋੜ ਨਾਲੋਂ ਕਈ ਗੁਣਾ ਚੰਗੀ ਹੈ। 1947 ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਭਾਰਤ ਕੋਲ ਇੱਕ ਸੂਈ ਵੀ ਨਹੀਂ ਸੀ ਤੇ ਹੁਣ ਭਾਰਤ ਵਿੱਚ ਜਹਾਜ਼ ਬਣਦੇ ਨੇ। ਵੱਡੇ-ਵੱਡੇ ਡੈਮ, ਰੇਲਾਂ ਤੇ ਰੇਲਵੇ ਲਾਈਨਾਂ, ਯੂਨੀਵਰਸਿਟੀਆਂ, ਹਸਪਤਾਲ, ਡਾਕਖਾਨੇ, ਬਿਜਲੀ ਘਰ, ਸਕੂਲ, ਕਾਲਜ ਸਭ ਕੁਝ ਕਾਂਗਰਸ ਦੀ ਦੇਣ ਹੈ। ਹੋਰਨਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਬਲਾਕ ਸਮਿਤੀ ਮੈਂਬਰ ਲੱਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
INDIA ਮੇਰਾ ਮੁਕਾਬਲਾ ਦੁਨੀਆਂ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਨਾਲ: ਰਾਜਾ ਵੜਿੰਗ