(ਸਮਾਜ ਵੀਕਲੀ)
ਮੈਂ ਆਪਣੀ ਜ਼ਿੰਦਗੀ ਦੇ ਪੰਜ ਦਹਾਕੇ ਹੰਢਾ ਚੁੱਕਿਆ ਹਾਂ। ਆਪਣੇ ਘੁੱਗ ਵਸਦੇ ਪੰਜਾਬ ਨੂੰ ਸਰਕਾਰੀ ਨੀਤੀਆਂ ਦੀ ਮਾਰ ਪੈਂਦੀ,ਹਮੇਸ਼ਾ ਵੇਖ ਰਿਹਾ ਹਾਂ ਉਹ ਚੰਗੇ ਦਿਨ ਸਨ, ਜਦੋਂ ਵੋਟਾਂ ਕਿਸੇ ਚੰਗੇ ਇਨਸਾਨ ਨੂੰ ਪਾਈਆਂ ਜਾਂਦੀਆਂ ਸਨ,ਪਾਰਟੀਆਂ ਨਹੀਂ ਵੇਖੀਆਂ ਜਾਂਦੀਆਂ ਸਨ। ਰਾਜਨੀਤਕ ਪਾਰਟੀਆਂ ਹੁੰਦੀਆਂ ਜ਼ਰੂਰ ਸਨ,ਪਰ ਸਿਰਫ਼ ਨਾਮ ਹੁੰਦਾ ਸੀ।
ਪਰ ਉਨ੍ਹਾਂ ਪਾਰਟੀਆਂ ਦੇ ਪ੍ਰਧਾਨ ਚੁਣੇ ਹੋਏ ਮੈਂਬਰ ਜਨਤਾ ਦੇ ਆਪਣੇ ਹੁੰਦੇ ਸਨ। ਕਿਸੇ ਵੀ ਨੇਤਾ ਨੂੰ ਆਪਣੇ ਇਲਾਕੇ ਦੀ ਸੇਵਾ ਦਾ ਸਭ ਕੁਝ ਪਤਾ ਹੁੰਦਾ ਸੀ, ਕੀ ਕਰਨਾ ਹੈ ਕੀ ਨਹੀਂ ਕਰਨਾ ਸਮਾਜਕ ਸੇਵਾ ਦੇ ਕੰਮਾਂ ਲਈ ਰਾਜਨੀਤਕ ਨੇਤਾਵਾਂ ਤੇ ਚੁਣੇ ਹੋਏ ਮੈਂਬਰਾਂ ਨੂੰ ਕੁਝ ਕਹਿਣਾ ਨਹੀਂ ਸੀ, ਪੈਂਦਾ ਉਨ੍ਹਾਂ ਨੂੰ ਖੁਦ ਪਤਾ ਹੁੰਦਾ ਸੀ।ਕਿ ਮੈਂ ਆਪਣੇ ਇਲਾਕੇ ਲਈ ਕੀ ਕਰਨਾ ਹੈ ਪਿੰਡ ਦੀਆਂ ਪੰਚਾਇਤਾਂ ਦੀ ਬਹੁ ਗਿਣਤੀ ਸਰਬਸੰਮਤੀ ਨਾਲ ਚੁਣ ਲਈ ਜਾਂਦੀ ਸੀ, ਜੇ ਪਿੰਡ ਦੀ ਪੰਚਾਇਤ ਲਈ ਚੋਣ ਹੋ ਵੀ ਜਾਂਦੀ ਤਾਂ ਰਾਜਨੀਤਕ ਪਾਰਟੀਆਂ ਦਾ ਕੋਈ ਆਧਾਰ ਨਹੀਂ ਸੀ।
ਪਿੰਡ ਦੇ ਚੁਣੇ ਸਰਪੰਚ ਤੇ ਮੈਂਬਰ ਸਾਰੇ ਪਿੰਡ ਦੇ ਸੇਵਾਦਾਰ ਹੁੰਦੇ ਸਨ।ਇਹੋ ਕੁਝ ਰਾਜਨੀਤਕ ਪਾਰਟੀਆਂ ਦੇ ਜ਼ਿਲਾ ਪ੍ਰਧਾਨ ਐਮ ਐਲ ਏ ਤੇ ਐੱਮ ਪੀਜ਼ ਦਾ ਹੁੰਦਾ ਸੀ। ਰਾਜਨੀਤਕ ਪਾਰਟੀ ਕੋਈ ਵੀ ਹੋਵੇ ਚੋਣਾਂ ਵਿਚ ਉਹ ਉਮੀਦਵਾਰ ਖੜ੍ਹਾ ਹੁੰਦਾ ਸੀ, ਜਾਂ ਖੜ੍ਹਾ ਕਰਦੇ ਸੀ ਜਿਸ ਨੂੰ ਜਨਤਾ ਦੀ ਸੇਵਾ ਕਰਨ ਦੀ ਖਾਸ ਚੇਟਕ ਹੋਵੇ ਚੁਣੇ ਉਮੀਦਵਾਰ ਕੰਮ ਕਰਦੇ ਸਨ ਵਿਖਾਵਾਕਾਰੀ ਤੋਂ ਕੋਹਾਂ ਦੂਰ ਹੁੰਦੇ ਸਨ।
ਡੇਢ ਦਹਾਕੇ ਤੋਂ ਰਾਜਨੀਤੀ ਸੇਵਾ ਨਾਲੋਂ ਵਧਕੇ ਕਮਾਈ ਤੇ ਆਪਣੀ ਟੌਹਰ ਦਾ ਸਾਧਨ ਬਣ ਗਿਆ ਹੈ।ਇਸ ਤੋਂ ਪਹਿਲਾਂ ਵੋਟਰਾਂ ਨੂੰ ਪਤਾ ਹੀ ਨਹੀਂ ਸੀ, ਕੇ ਸਾਡੇ ਐਮ ਐਲ ਏ, ਐਮ ਪੀ ਤੇ ਬਾਕੀ ਸੇਵਾਦਾਰ ਤਨਖਾਹਾਂ ਜਾਂ ਪੈਨਸ਼ਨਾਂ ਲੈਂਦੇ ਹਨ।ਹੁਣ ਸੋਸ਼ਲ ਮੀਡੀਆ ਕਾਰਨ ਸਾਰਾ ਹੀ ਇਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੈ।ਪਹਿਲਾਂ ਸਾਡੇ ਚੁਣੇ ਹੋਏ ਮੁਖੀ ਜਨਤਾ ਵਿਚ ਆਮ ਘੁੰਮਦੇ ਸਨ ਦੁੱਖ ਸੁੱਖ ਵੇਲੇ ਸਿੱਧੇ ਆ ਕੇ ਸ਼ਰੀਕ ਹੋ ਜਾਂਦੇ ਸਨ। ਹੁਣ ਤਾਂ ਐਮ ਪੀ ਤੋਂ ਲੈ ਕੇ ਇਕ ਸਰਪੰਚ ਤਕ ਪਹਿਲ ਆਪਣੇ ਬੰਦਿਆਂ ਤੇ ਪਾਰਟੀ ਨੂੰ ਦਿੱਤੀ ਜਾਂਦੀ ਹੈ।
ਅੱਜਕੱਲ੍ਹ ਦੋ ਕੌਡੀ ਦਾ ਨੇਤਾ ਤੋਂ ਲੈ ਕੇ ਐਮ ਪੀ ਬਾਡੀਗਾਰਡਾਂ ਦੀ ਟੀਮ ਤੋਂ ਬਿਨਾਂ ਬਾਹਰ ਨਹੀਂ ਨਿੱਕਲਦੇ, ਪਤਾ ਨਹੀਂ ਉਨ੍ਹਾਂ ਨੂੰ ਆਪਣੇ ਵੋਟਰਾਂ ਤੋਂ ਕੀ ਖਤਰਾ ਹੈ। ਚੁਣੇ ਜਾਣ ਤੋਂ ਬਾਅਦ ਬਹੁਤੇ ਨੇਤਾ ਆਪਣੇ ਇਲਾਕੇ ਤਕ ਉਦੋਂ ਤਕ ਨਹੀਂ ਪਹੁੰਚਦੇ ਜਦੋਂ ਤੱਕ ਅਗਲੀਆਂ ਚੋਣਾਂ ਨਾ ਆ ਜਾਣ।
ਨੀਵੇਂ ਤੋਂ ਉੱਚੇ ਪੱਧਰ ਦੇ ਚੁਣੇ ਹੋਏ ਸਾਡੇ ਨੇਤਾ ਆਮ ਬੰਦੇ ਦੀ ਗੱਲ ਤੱਕ ਨਹੀਂ ਸੁਣ ਦੇ ਚੁਣੇ ਇਲਾਕੇ ਦੀ ਕੋਈ ਮੰਗ ਲੈ ਕੇ ਜਾਣੀ ਹੋਵੇ, ਤਾਂ ਇਲਾਕੇ ਦੇ ਮੁਖੀ ਜਾਂ ਪ੍ਰਧਾਨ ਨੂੰ ਨਾਲ ਲੈਣਾ ਪੈਂਦਾ ਹੈ ਪਿੰਡ ਦਾ ਸਰਪੰਚ ਛੋਟੀ ਮੋਟੀ ਆਪਣੀ ਪਿੰਡ ਦੀ ਮੰਗ ਲੈ ਕੇ ਜਾਓ,ਪਤਾ ਨੀ ਆਪਣੀ ਧੌਂਸ ਜਮਾਉਣ ਲਈ ਜਾਂ ਕੰਮ ਕਰਵਾਉਣ ਲਈ ਉਸ ਦਾ ਜਵਾਬ ਹੁੰਦਾ ਹੈ,ਮੈਂ ਨੇਤਾ ਜੀ ਨਾਲ ਗੱਲ ਕਰਾਂਗਾ ਕਿਉਂਕਿ ਉਹ ਕਿਸੇ ਰਾਜਨੀਤਕ ਪਾਰਟੀ ਦਾ ਮੈਂਬਰ ਬਣਿਆ ਹੋਇਆ ਹੈ।
ਕਿਸੇ ਐੱਮਐੱਲਏ ਜਾਂ ਐੱਮਪੀ ਕੋਲ ਜਾਣਾ ਹੋਵੇ, ਤਾਂ ਉਸ ਇਲਾਕੇ ਦੇ ਪ੍ਰਧਾਨ ਸਕੱਤਰ ਜਾਂ ਕਿਸੇ ਦਾ ਹੋਰ ਸਹਾਰਾ ਲੈਣਾ ਪੈਂਦਾ ਹੈ। ਫਿਰ ਨੇਤਾ ਜੀ ਕੰਮ ਬਾਰੇ ਚੰਗੀ ਤਰ੍ਹਾਂ ਸੁਣ ਕੇ ਜਵਾਬ ਦੇਣਗੇ,ਮੈਂ ਪ੍ਰਧਾਨ ਜੀ ਜਾਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਾਂਗਾ, ਲੋਕਾਂ ਨੇ ਤੈਨੂੰ ਚੁਣਿਆ ਹੈ ਤੇ ਤੂੰ ਆਪਣੇ ਇਲਾਕੇ ਦਾ ਮੁੱਖ ਆਧਾਰ ਹੈ ਤੈਨੂੰ ਉਸ ਦੀ ਕੋਈ ਜਾਣਕਾਰੀ ਨਹੀਂ ਰਾਜਨੀਤਕ ਪਾਰਟੀ ਦਾ ਜੋ ਵੀ ਮੈਂਬਰ ਹੋਵੇ ਉਸ ਦੇ ਖੂਨ ਵਿਚ ਆਪਣੇ ਪ੍ਰਧਾਨ ਦਾ ਨਾਂ ਚੰਗੀ ਤਰ੍ਹਾਂ ਉੱਕਰ ਕੇ ਲਿਖਿਆ ਹੁੰਦਾ ਹੈ।
ਉਸ ਨੂੰ ਪ੍ਰਧਾਨਗੀ ਦੇ ਨਸ਼ੇ ਵਿਚ ਇਹ ਗੱਲ ਭੁੱਲ ਜਾਂਦੀ ਹੈ, ਕਿ ਤੂੰ ਕੰਮ ਚਾਹੇ ਕਿਸੇ ਮੰਤਰੀ ਜਾਂ ਅਧਿਕਾਰੀ ਰਾਹੀਂ ਕਰਵਾਉਣਾ ਹੈ।ਪਰ ਤੂੰ ਆਪਣੀ ਆਨ ਤੇ ਸ਼ਾਨ ਤਾਂ ਬਣਾ ਕੇ ਰੱਖ ਜੇ ਤੁਸੀਂ ਮੈਨੂੰ ਚੁਣਿਆ ਹੈ, ਇਹ ਕੰਮ ਕਰਵਾਉਣਾ ਮੇਰਾ ਫ਼ਰਜ਼ ਬਣਦਾ ਹੈ ਪ੍ਰਿੰਟ ਮੀਡੀਆ ਤੇ ਮੀਡੀਆ ਵਿੱਚ ਵੇਖਣ ਤੇ ਸੁਣਨ ਨੂੰ ਜਦੋਂ ਕੋਈ ਨੇਤਾ ਆਪਣੇ ਇਲਾਕੇ ਦੇ ਕੰਮ ਕਰਵਾ ਦਿੰਦਾ ਹੈ।ਉਥੇ ਵੀ ਆਪਣੇ ਅਧਾਰ ਨੂੰ ਭੁੱਲ ਕੇ ਪ੍ਰਧਾਨ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਨਾਮ ਦਾ ਰਾਗ ਅਲਾਪਦਾ ਹੈ।
ਫੇਰ ਤਾਂ ਆਮ ਜਨਤਾ ਲਈ ਕੰਮ ਕਰਵਾਉਣਾ ਹੋਵੇ ਸੋਸ਼ਲ ਮੀਡੀਆ ਤੇ ਹਰ ਇੱਕ ਮੰਤਰੀ ਪ੍ਰਸ਼ਾਸਨ ਅਧਿਕਾਰੀਆਂ ਦਾ ਪੰਨਾ ਹੈ,ਉਸ ਤੇ ਆਪਣੇ ਇਲਾਕੇ ਦੀ ਮੰਗ ਲਿਖ ਦੇਵੋ। ਉਨ੍ਹਾਂ ਨੂੰ ਗੱਲ ਸੁਣਨੀ ਹੀ ਪੈਂਦੀ ਹੈ,ਕਿਉਂਕਿ ਸੋਸ਼ਲ ਮੀਡੀਆ ਸਭ ਜਨਤਾ ਦੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ ਫਿਰ ਤੁਹਾਡੀ ਨੇਤਾ ਗਿਰੀ ਕੀ ਹੋਈ ਇਹ ਤਾਂ ਕਦੇ ਜਨਤਾ ਨੂੰ ਦੱਸ ਦੇਵੋ।
ਪ੍ਰਧਾਨਗੀ ਦਾ ਰਾਗ ਅਲਾਪਣਾ ਅੱਜਕੱਲ੍ਹ ਛੋਟੇ ਮੋਟੇ ਨੇਤਾਵਾਂ ਦੇ ਹੱਡਾਂ ਵਿੱਚ ਬੈਠ ਗਿਆ ਹੈ,ਸਾਇੰਸ ਤੇ ਪੜ੍ਹਾਈ ਦਾ ਯੁੱਗ ਹੈ ਹਰ ਕੋਈ ਪੜ੍ਹਿਆ ਲਿਖਿਆ ਹੈ, ਹਰ ਕੋਈ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਚੁਣੇ ਹੋਏ ਐਮਪੀਜ਼ ਵੱਲੋਂ ਚੁਣਿਆ ਜਾਂਦਾ ਹੈ। ਪਰ ਅੱਜ ਕੱਲ ਲੱਗਦਾ ਹੈ ਰਾਸ਼ਟਰਪਤੀ ਰਾਜ ਵਾਲਾ ਸਿਸਟਮ ਭਾਰਤ ਵਿੱਚ ਬਿਨਾਂ ਦੱਸੇ ਲਾਗੂ ਹੋ ਗਿਆ ਹੈ।ਪਹਿਲਾਂ ਤੋਂ ਹੀ ਇਹ ਫ਼ੈਸਲਾ ਕਰ ਲਿਆ ਜਾਂਦਾ ਹੈ,ਕਿ ਜੇ ਸਾਡੀ ਪਾਰਟੀ ਜਿੱਤੇਗੀ ਅਸੀ ਇਸ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਇਹੋ ਕੁਝ ਵਿਧਾਨ ਸਭਾਵਾਂ ਵਿੱਚ ਹੈ।
ਕਿੱਧਰ ਗਿਆ ਲੋਕਰਾਜ ਤੇ ਲੋਕ ਸ਼ਕਤੀ ਵੋਟਰ ਵੀ ਆਪਣੀ ਵੋਟ ਨਵੇਂ ਆਉਣ ਵਾਲੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੂੰ ਵੇਖ ਕੇ ਵੋਟ ਪਾ ਦਿੰਦੇ ਹਨ। ਤੁਹਾਡਾ ਚੁਣਿਆ ਜਾ ਰਿਹਾ ਐਮਪੀ ਜਾਂ ਐਮਐਲਏ ਕੀ ਹੈ?ਇਹ ਸਭ ਭੁੱਲ ਜਾਂਦੇ ਹਨ ਜਦੋਂ ਕੋਈ ਆਪਣੇ ਇਲਾਕੇ ਲਈ ਕੰਮ ਕਰਵਾਉਣਾ ਹੁੰਦਾ ਹੈ, ਫੇਰ ਧਰਨ ਠਿਕਾਣੇ ਆਉਂਦੀ ਹੈ।
ਅੱਜਕੱਲ੍ਹ ਸਾਡਾ ਇੱਕ ਪ੍ਰਧਾਨ ਮੰਤਰੀ ਹੀ ਪੂਰੇ ਭਾਰਤ ਨੂੰ ਗਧੀ ਗੇੜ ਵਿੱਚ ਪਾ ਕੇ ਜਿਹੜਾ ਦਿਲ ਕਰਦਾ ਹੈ ਕਾਨੂੰਨ ਬਣਾ ਲਿਆ ਜਾਂਦਾ ਹੈ,ਸਾਡੀ ਵੋਟ ਦੀ ਕੀਮਤ ਕੀ ਹੈ? ਸਾਨੂੰ ਅੱਜ ਸੋਚਣਾ ਪੈ ਰਿਹਾ ਹੈ, ਪੰਜਾਬ ਵਿਚ ਕਿਸਾਨਾਂ ਦਾ ਖੇਤੀ ਦੀ ਰਾਖੀ ਲਈ ਖਾਸ ਯੁੱਧ ਚੱਲ ਰਿਹਾ ਹੈ ਸਾਡੇ ਅਨੇਕਾਂ ਨੇਤਾ ਦੋ ਮਹੀਨੇ ਪਹਿਲਾਂ ਕਿਹੜੇ ਬਿਆਨ ਦਾਗ ਰਹੇ ਸੀ।
ਮੀਡੀਆ ਲੋਕਰਾਜ ਦਾ ਚੌਥਾ ਥੰਮ੍ਹ ਹੈ ਇਸ ਦੀ ਵੀ ਨੇਤਾ ਸਹੀ ਰੂਪ ਵਿਚ ਵਰਤੋਂ ਨਹੀਂ ਕਰ ਰਹੇ ਇਕ ਦਿਨ ਬਿਆਨ ਦਿੱਤਾ, ਦੂਸਰੇ ਦਿਨ ਮੀਡੀਆ ਤੇ ਹੀ ਇਲਜ਼ਾਮ ਲਗਾ ਦਿੰਦੇ ਹਨ ਕਿ ਮੈਂ ਇਹ ਨਹੀਂ ਕਿਹਾ ਸੀ।
ਸਾਡੇ ਦੇਸ਼ ਦਾ ਆਰਥਿਕ ਅਧਾਰ ਖੇਤੀਬਾੜੀ ਹੈ, ਅੱਜ ਕਿਸਾਨਾਂ ਲਈ ਮਨ ਮਰਜ਼ੀ ਨਾਲ ਕਿਸ ਤਰ੍ਹਾਂ ਦੇ ਕਨੂੰਨ ਪਾਸ ਕੀਤੇ ਗਏ ਹਨ। ਕਿਸਾਨ ਨੰਗੇ ਧੜ ਯੁੱਧ ਲੜ ਰਹੇ ਹਨ, ਨੇਤਾਵਾਂ ਨੇ ਪਹਿਲਾਂ ਇਨ੍ਹਾਂ ਨੂੰ ਵੀ ਸਬਜ਼ਬਾਗ ਦਿਖਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹੁਣ ਕਿਸਾਨ ਸਾਰਾ ਕੁਝ ਸਮਝ ਗਏ ਹਨ। ਸਾਡੇ ਕਿਸਾਨ ਮਜ਼ਦੂਰ ਹਰ ਤਰ੍ਹਾਂ ਦੇ ਮਿਹਨਤ- ਕਸ ਲੋਕਾਂ ਨੇ ਧਰਨੇ ਲਗਾਏ ਹੋਏ ਹਨ।
ਕਿਸੇ ਵੀ ਰਾਜਨੀਤਕ ਪਾਰਟੀ ਨਾਲ ਗੱਲਬਾਤ ਨਹੀਂ ਕਰ ਰਹੇ ਮੇਰੇ ਪੰਜਾਬ ਨਿਵਾਸੀਓ ਇਹ ਤੁਹਾਡੀ ਉੱਚੀ ਸੋਚ ਤੇ ਇਨਕਲਾਬ ਦਾ ਸਹੀ ਰਸਤਾ ਹੈ। ਹੁਣ ਸਾਡੇ ਭਾਰਤ ਦੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਮਿਲ ਕੇ ਸਾਰਥਿਕ ਫ਼ੈਸਲੇ ਕੀਤੇ ਹਨ। ਕੇਂਦਰੀ ਸਰਕਾਰ ਨੂੰ ਤਰੇਲੀਆਂ ਆ ਰਹੀਆਂ ਹਨ ਅੱਜ ਪੰਜਾਬ ਤੇ ਨਿਵਾਸੀ ਜਾਤ ਪਾਤ,ਧਰਮ ਤੇ ਰਾਜਨੀਤੀਕ ਪਾਰਟੀਆਂ ਨੂੰ ਭੁੱਲ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਕਿਸਾਨ ਤੇ ਮਜ਼ਦੂਰਾਂ ਦੀ ਇਨਕਲਾਬੀ ਜਿੱਤ ਸਾਹਮਣੇ ਕੰਧ ਤੇ ਉੱਕਰੀ ਹੋਈ ਸਾਰੇ ਰਾਜਨੀਤਕ ਨੇਤਾਵਾਂ ਨੂੰ ਵਿਖਾਈ ਦੇ ਰਹੀ ਹੈ। ਮੋਰਚੇ ਨੂੰ ਫੇਲ੍ਹ ਕਰਨ ਦੀਆਂ ਸਾਰੀਆਂ ਤਕਨੀਕਾਂ ਰਾਜਨੀਤਕ ਪਾਰਟੀਆਂ ਦੀਆਂ ਫੇਲ ਹੋ ਚੁੱਕੀਆਂ ਹਨ।ਹੁਣ ਆਪਣੀਆਂ ਪ੍ਰਧਾਨਗੀਆਂ ਬਚਾਉਣ ਲਈ ਕੱਲ੍ਹ ਨੂੰ ਆਪਣੇ ਹੀ ਦਰਵਾਜ਼ੇ ਤੇ ਹੁਣ ਠੂਠਾ ਫੜ ਕੇ ਵੋਟਾਂ ਮੰਗਣ ਆਉਣਗੇ। ਸਾਨੂੰ ਲੋਕਰਾਜ ਦਾ ਮਤਲਬ ਚੰਗੀ ਤਰ੍ਹਾਂ ਸਮਝ ਆ ਗਿਆ ਹੈ। ਹਰ ਇੱਕ ਬੰਦੇ ਦੇ ਅੰਦਰ ਤਾਕਤ ਹੈ ਸਾਨੂੰ ਅੱਜ ਪੂਰੀ ਤਰ੍ਹਾਂ ਪਤਾ ਲੱਗ ਚੁੱਕਾ ਹੈ।
ਹੁਣ ਅਸੀਂ ਨੇਤਾਵਾਂ ਨੂੰ ਪ੍ਰਧਾਨਗੀ ਤੇ ਬਿਆਨਬਾਜ਼ੀ ਦਾ ਸਬਕ ਜ਼ਰੂਰ ਪੜ੍ਹਾਵਾਂਗੇ, ਸਾਡੇ ਕਿਸਾਨੋ ਤੇ ਮਜ਼ਦੂਰੋ ਜੰਗ ਆਪਾਂ ਜਿੱਤ ਲਈ ਹੈ।ਹੁਣ ਰਾਜਨੀਤਕ ਪਾਰਟੀਆਂ ਦਾ ਪੱਲਾ ਕਦੇ ਵੀ ਨਾ ਫੜੋ ਜੋ ਹਰ ਪੱਖ ਤੋਂ ਆਪਣੇ ਦੇਸ ਦੀ ਸੇਵਾ ਕਰਨੀ ਜਾਣਦਾ ਹੈ ਉਸ ਨੂੰ ਹੀ ਆਪਣਾ ਨੇਤਾ ਚੁਣੋ – ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ!
ਰਮੇਸ਼ਵਰ ਸਿੰਘ
ਸੰਪਰਕ ਨੰਬਰ – 9914880392