ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਨੇ ਨਗਰ ਨਿਗਮ ਦੇ ਅਫਸਰਾਂ ਨਾਲ ਅੱਜ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਮੇਅਰ ਸ੍ਰੀ ਕਾਲੀਆ ਨੇ ਡੰਪਿੰਗ ਗਰਾਊਂਡ ਸਾਈਟ ’ਤੇ ਚੱਲ ਰਹੇ ਲੈਂਡਫਿਲ ਆਦਿ ਦੇ ਕਾਰਜਾਂ ਦਾ ਮੁਆਇਨਾ ਕੀਤਾ। ਉਨ੍ਹਾਂ ਮੌਕੇ ’ਤੇ ਹਾਜ਼ਰ ਨਗਰ ਨਿਗਮ ਅਧਿਕਾਰੀਆਂ ਨੂੰ ਲੈਂਡਫਿਲ ਲਈ ਵਰਤੀ ਜਾ ਰਹੀ ਤਕਨੀਕ ਦੀ ਆਪਣੇ ਪੱਧਰ ’ਤੇ ਨਿਗਰਾਨੀ ਰੱਖਣ ਦੇ ਆਦੇਸ਼ ਵੀ ਦਿੱਤੇ। ਮੇਅਰ ਕਾਲੀਆ ਨੇ ਡੰਪਿੰਗ ਗਰਾਉਂਡ ਕਾਰਨ ਇਸਦੇ ਆਸਪਾਸ ਦੇ ਇਲਾਕੇ ਦੇ ਵਾਸੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਛੇਤੀ ਹੀ ਕੋਈ ਢੁਕਵਾਂ ਹਲ ਕੱਢਣ ਦੇ ਆਦੇਸ਼ ਦਿੱਤੇ। ਮੇਅਰ ਨੇ ਨਿਗਮ ਅਧਿਕਾਰੀਆਂ ਨੂੰ ਇਥੇ ਡੰਪਿੰਗ ਗਰਾਊਂਡ ਨੂੰ ਲੈ ਕੇ ਕੀਤੇ ਜਾ ਰਹੇ ਲੈਂਡਫਿਲ ਕਾਰਜਾਂ ਸਬੰਧੀ ਹਰ ਹਫਤੇ ਸਬੰਧਤ ਚੀਫ ਸੈਨੀਟਰੀ ਇੰਸਪੈਕਟਰ ਸਮੇਤ ਹੋਰ ਸਟਾਫ ਨਾਲ ਸਮੀਖਿਆ ਮੀਟਿੰਗ ਕਰਨ ਦੇ ਆਦੇਸ਼ ਵੀ ਦਿੱਤੇ। ਸਮੇਂ ਸਮੇਂ ’ਤੇ ਇਨ੍ਹਾਂ ਮੀਟਿੰਗਾਂ ਦੀ ਵਿਸਥਾਰ ਰਿਪੋਰਟ ਉਨ੍ਹਾਂ ਕੋਲ ਪੇਸ਼ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਨਗਰ ਨਿਗਮ ਦੇ ਮੈਡੀਕਲ ਅਫਸਰ ਸਿਹਤ ਡਾ. ਅੰਮ੍ਰਿਤਪਾਲ ਸਣੇ ਇਲਾਕੇ ਦੇ ਚੀਫ ਸੈਨੇਟਰੀ ਇੰਸਪੈਕਟਰ ਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਲਮੇਂ ਸਮੇਂ ਤੋਂ ਡੰਪਿੰਗ ਗਰਾਊਂਡ ਤੋਂ ਪ੍ਰੇਸ਼ਾਨ ਡੱਡੂਮਾਜਰਾ ਕਲੋਨੀ ਸਮੇਤ ਨੇੜੇ ਦੇ ਸੈਕਟਰਾਂ ਦੇ ਵਾਸੀਆਂ ਦਾ ਇੱਕ ਵਫ਼ਦ ਨੇ ਲੰਘੇ ਦਿਨ ਨਵੇਂ ਮੇਅਰ ਦਾ ਅਹੁਦਾ ਸੰਭਾਲਣ ਵਾਲੇ ਰਾਜੇਸ਼ ਕਾਲੀਆ ਨਾਲ ਮੇਅਰ ਦਫ਼ਤਰ ਵਿੱਚ ਮੁਲਾਕਾਤ ਕੀਤੀ ਸੀ ਤੇ ਡੰਪਿੰਗ ਗਰਾਊਂਡ ਕਾਰਨ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਸੀ।
INDIA ਮੇਅਰ ਨੇ ਨਿਗਮ ਅਫਸਰਾਂ ਨਾਲ ਡੰਪਿੰਗ ਗਰਾਊਂਡ ਦਾ ਦੌਰਾ ਕੀਤਾ