ਬੈਂਗਲੁਰੂ : ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮੇਂਗਲੁਰੂ ‘ਚ ਹਾਲਾਤ ਸ਼ਨਿਚਰਵਾਰ ਨੂੰ ਸ਼ਾਂਤੀਪੂਰਨ ਰਹੇ ਤੇ ਸ਼ਹਿਰ ‘ਚ ਕਰਫਿਊ ਢਿੱਲ ਵੀ ਦਿੱਤੀ ਗਈ। ਬੈਂਗਲੁਰੂ ਤੇ ਕਰਨਾਟਕ ਦੇ ਹੋਰਨਾਂ ਹਿੱਸਿਆਂ ‘ਚ ਵੀ ਹਾਲਾਤ ਸ਼ਾਂਤੀਪੂਰਨ ਰਹੇ ਤੇ ਕੋਈ ਵੱਡਾ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ। ਦੂਜੇ ਪਾਸੇ ਹੈਦਰਾਬਾਦ ‘ਚ ਸ਼ਨਿਚਰਵਾਰ ਰਾਤ ਹਜ਼ਾਰਾਂ ਲੋਕਾਂ ਨੇ ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮਸਲਿਮੀਨ (ਏਐਆਈਐੱਮਆਈਐੱਸ) ਦੇ ਮੁੱਖ ਦਫ਼ਤਰ ‘ਤੇ ਇਕੱਠੇ ਹੋ ਕੇ ਸੀਏਏ ਤੇ ਐੱਨਆਰਸੀ ਦਾ ਵਿਰੋਧ ਕੀਤਾ।
ਕਰਨਾਟਕ ਦੇ ਮੁੱਖ ਮੰਤਰੀ ਯੇਦੁਰੱਪਾ ਨੇ ਸ਼ਨਿਚਰਵਾਰ ਨੂੰ ਮੇਂਗਲੁਰੂ ਦਾ ਦੌਰਾ ਕੀਤਾ ਤੇ ਹਾਲਾਤ ਦਾ ਜਾਇਜ਼ਆ ਲਿਆ। ਉਨ੍ਹਾਂ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਕਰਵਾਉਣ ਤੇ ਦਿਨ ‘ਚ ਕਰਫਿਊ ‘ਚ ਢਿੱਲ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਕਰਫਿਊ ਦੀ ਉਲੰਘਣਾ ਕਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਕੇਰਲ ਤੋਂ ਭਾਕਪਾ ਦੇ ਰਾਜਸਭਾ ਮੈਂਬਰ ਬਿਨਾਏ ਵਿਸਵਮ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਿਸ ਨੇ ਸ਼ਨਿਚਰਵਾਰ ਨੂੰ ਹਿਰਾਸਤ ‘ਚ ਲੈ ਲਿਆ।
ਤਾਮਿਲਨਾਡੂ ‘ਚ ਵਿਰੋਧ ਪ੍ਰਦਰਸ਼ਨ ਜਾਰੀ
ਚੇਨਈ : ਤਾਮਿਲਨਾਡੂ ‘ਚ ਵੀ ਸੀਏਏ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਸ਼ਨਿਚਰਵਾਰ ਨੂੰ ਕਈ ਮਾਕਪਾ ਵਰਕਰਾਂ ਨੇ ਐੱਮਜੀਆਰ ਸੈਂਟਰਲ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀਆਂ ਦੀ ਆਵਾਜਾਈ ‘ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਦੀ ਕੋਸ਼ਿਸ਼ ਸਫ਼ਲ ਨਹੀਂ ਹੋਣ ਦਿੱਤੀ।
ਮੇਘਾਲਿਆ ‘ਚ ਇੰਟਰਨੈੱਟ ‘ਤੇ ਪਾਬੰਦੀ ਹਟੀ
ਅਸਾਮ ਤੇ ਮੇਘਾਲਿਆ ‘ਚ ਸ਼ਾਂਤੀ ਹੈ, ਹਾਲਾਂਕਿ ਉੱਥੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸ਼ਨਿਚਰਵਾਰ ਨੂੰ ਅਸਾਮ ਦੇ ਡਿਬੂਗੜ੍ਹ ਤੇ ਮੇਘਾਲਿਆ ‘ਚ ਸ਼ਿਲਾਂਗ ਦੇ ਦੋ ਥਾਣਾ ਇਲਾਕਿਆਂ ‘ਚ ਕਰਫਿਊ ‘ਚ ਢਿੱਲ ਦਿੱਤੀ ਗਈ। ਦੋਵਾਂ ਸੂਬਿਆਂ ‘ਚ ਮੋਬਾਈਲ ਤੇ ਇੰਟਰਨੈੱਟ ਤੋਂ ਪਾਬੰਦੀ ਹਟਾ ਲਈ ਗਈ ਹੈ। ਅਸਾਮ ‘ਚੋਂ ਇਸ ਨੂੰ ਸ਼ੁੱਕਰਵਾਰ ਨੂੰ ਹਟਾਇਆ ਗਿਆ ਸੀ ਜਦੋਂਕਿ ਮੇਘਾਲਿਆ ‘ਚੋਂ ਇਸ ਨੂੰ ਸ਼ਨਿਚਰਵਾਰ ਨੂੰ ਹਟਾ ਲਿਆ ਗਿਆ।