ਮੂਸੇਵਾਲਾ ਕਤਲ ਕੇਸ: ਸੰਦੀਪ ਕੇਕੜਾ ਦਾ ਭਰਾ ਬਿੱਟੂ ਗ੍ਰਿਫ਼ਤਾਰ

ਮਾਨਸਾ (ਸਮਾਜ ਵੀਕਲੀ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਪੁਲੀਸ ਨੇ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਹਰਿਆਣਾ ਦੇ ਡੱਬਵਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਵੀ ਮੂਸੇਵਾਲਾ ਦੀ ਰੇਕੀ ਕਰਨ ਦਾ ਦੋਸ਼ ਹੈ। ਬਿੱਟੂ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਰਿਹਾ ਹੈ। ਪੁਲੀਸ ਸੂਤਰਾਂ ਮੁਤਾਬਕ ਬਿੱਟੂ ਸਿੰਘ ਮੂਸੇਵਾਲਾ ਦੀ ਕਾਰ ’ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ’ਚੋਂ ਇਕ ਪ੍ਰਿਆਵ੍ਰਤ ਫੌਜੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ ਉਹ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਵੀ ਰਿਹਾ ਹੈ। ਦੋਵੇਂ ਭਰਾ ਕਾਫ਼ੀ ਸਮੇਂ ਤੋਂ ਮੂਸੇਵਾਲਾ ਦੀ ਰੇਕੀ ਕਰ ਰਹੇ ਸਨ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਬਿੱਟੂ ਨੂੰ ਮਾਨਸਾ ਪੁਲੀਸ ਵੱਲੋਂ ਡਾਕਟਰੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਅਦਾਲਤ ਨੇ ਉਸ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਧੀ ਦਰਜਨ ਦੇ ਕਰੀਬ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਸ਼ਨਿਚਰਵਾਰ ਨੂੰ ਪੁਲੀਸ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਸਣੇ ਫੜਿਆ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਿੱਟੂ, ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ’ਚ ਸੰਪਰਕ ਵਿੱਚ ਆਉਣ ਮਗਰੋਂ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਲੱਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿੱਟੂ ਕਰ ਕੇ ਹੀ ਸੰਦੀਪ ਕੇਕੜਾ ਬਾਅਦ ਵਿੱਚ ਪਿੰਡ ਮੂਸਾ ਵਿੱਚ ਰੇਕੀ ਕਰਨ ਗਿਆ ਸੀ।

Previous articleਬੰਦੀ ਸਿੰਘਾਂ ਦੀ ਰਿਹਾਈ ਲਈ ਕਾਲੇ ਚੋਲੇ ਪਾ ਕੇ ਰੋਸ ਮੁਜ਼ਾਹਰੇ
Next articleਮਿੱਟੀ ਨਾਲ ਭਰਿਆ ਟਰਾਲਾ ਦੋ ਕਾਰਾਂ ’ਤੇ ਪਲਟਿਆ, ਤਿੰਨ ਮੌਤਾਂ