ਮੂਲ ਚੰਦ ਸ਼ਰਮਾ ਤੇ ਉਹਨਾਂ ਦੇ ਸਾਥੀਆਂ ਨੇ ਮਾਹੋਰਾਣਾ ਟੋਲ ਪਲਾਜ਼ਾ ਤੇ ਬੈਠੇ ਯੋਧਿਆਂ ਨੂੰ ਧਰਨੇ ਦਾ 76ਵਾਂ ਦਿਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਸੁਣਾਈਆਂ ਧਾਰਮਿਕ ਅਤੇ ਇਨਕਲਾਬੀ ਰਚਨਾਵਾਂ

ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਮਾਹੋਰਾਣਾ ਟੋਲ ਪਲਾਜ਼ਾ ਤੇ ਚੱਲ ਰਹੇ ਧਰਨੇ ਦੇ ਅੱਜ 76ਵੇਂ ਦਿਨ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ‘ਕਵੀ ਦਰਬਾਰ’ ਕਰਵਾਇਆ ਗਿਆ।

ਜਿਸ ਦੇ ਸ਼ੁਰੂ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲਿਆਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ। ਕਵੀ ਦਰਬਾਰ ਦੇ ਪਹਿਲੇ ਪੜਾਅ ਦੌਰਾਨ ਮੂਲ ਚੰਦ ‘ਰੰਚਣਾ’ ਜੋ ਕਿ ਕਿਸਾਨੀ ਸੰਘਰਸ਼ ਦੇ ਹਰ ਰੰਗ ਨੂੰ ਆਪਣੀ ਕਲਮ ਰਾਹੀਂ ਅਖ਼ਬਾਰਾਂ ਦੇ ਵਿੱਚ ਲਗਾਤਾਰ ਲਿਖ ਰਹੇ ਹਨ ਨੇ ਆਪਣੀ ਰਚਨਾ:- ਛੋਟੇ ਸਾਹਿਬਜ਼ਾਦੇ ਸੁਣਾ ਕੇ ਧਰਨੇ ਤੇ ਬੈਠੇ ਯੋਧਿਆ ਵਿੱਚ ਜੋਸ਼ ਭਰਿਆ। ਉਹਨਾਂ ਦੀ ਕਵਿਤਾ ਦੇ ਕੁੱਝ ਬੋਲ:-

ਗੁਰੂ ਗੋਬਿੰਦ ਸਿੰਘ ਦੇ ਲਾਲ ਤੇ ਉਮਰ ਨਿਆਣੀ ਸੀ ।
ਜਿਹਨਾਂ ਦੁਨੀਆਂ ਨਾਲ਼ੋਂ ਵੱਖਰੀ ਲਿਖੀ ਕਹਾਣੀ ਸੀ ।
ਅਪਣੇ ਦੇਸ਼ ਕੌਮ ਤੇ ਧਰਮ ਦਾ ਨਾਮ ਬਚਾਇਆ ਸੀ ।
ਜਦੋਂ ਸੂਬੇ ਕੋਮਲ ਕਲੀਆਂ ਨੂੰ ਨੀਂਹਾਂ ਦੇ ਵਿੱਚ ਚਿਣਵਾਇਆ ਸੀ।

ਉਹਨਾਂ ਤੋਂ ਇਲਾਵਾ ਇਲਾਕੇ ਦੇ ਨਾਮਵਰ ਕਵੀਆਂ ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ ਧੂਰੀ, ਪਰਮਜੀਤ ਸਿੰਘ ਸਲਾਰ, ਗਿਆਨੀ ਹਰਦੇਵ ਸਿੰਘ ਸਲਾਰ, ਭੰਗੂ ਫਲੇੜੇ ਵਾਲਾ, ਦਿਲਸ਼ਾਦ ਜਮਾਲਪੁਰੀ, ਅਮਰਜੀਤ ਸਿੰਘ ਅਮਨ, ਦਿਲਸਾਦ ਅਲੀ ਨਾਭਾ, ਹਰਜੀਤ ਸਿੰਘ ਸੋਹੀ, ਮੀਤ ਸਕਰੌਦੀ, ਬਿੰਦਰ ਚੌਹਾਨ, ਬੱਚੀ ਨਵਕਿਰਨ ਕੌਰ, ਗੁਰਲੀਨ ਕੌਰ ਲਾਂਗੜੀਆਂ, ਗੁਰਵਿੰਦਰ ਸਿੰਘ ਗਰੇਵਾਲ, ਰਾਜ ਕੌਰ ਬਨਭੌਰਾ ਤੇ ਢਾਡੀ ਅਵਤਾਰ ਸਿੰਘ ਦੇ ਜਥੇ ਸਮੇਤ ਸਾਰੇ ਕਵੀਆਂ ਨੇ ਆਪੋ-ਆਪਣੀਆਂ ਧਾਰਮਿਕ ਰਚਨਾਵਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਦੂਜੇ ਪੜਾਅ ਦੌਰਾਨ ਕਵੀਆਂ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਜੋਸ਼ ਭਰਦੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੂੰ ਧਰਨੇ ਤੇ ਪਹੁੰਚੀ ਸੰਗਤ ਨੇ ਬੜੇ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਸਟੇਜ ਸੰਚਾਲਨ ਕਵੀ ਨਾਹਰ ਸਿੰਘ ਮੁਬਾਰਕਪੁਰੀ ਅਤੇ ਸੁਖਵਿੰਦਰ ਸਿੰਘ ਅਟਵਾਲ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।

Previous articleਸਰਕਾਰ ਤਾਂ ਗੱਲਬਾਤ ਲਈ ਤਿਆਰ ਐ……
Next articleAustralia win toss, elect to bat in 2nd Test