ਚੰਡੀਗੜ੍ਹ (ਸਮਾਜਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਜ਼ੀਰਾਂ ਦੇ ਰੋਹ ਨੂੰ ਮੱਠਾ ਕਰਨ ਲਈ ਅੱਜ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਆਬਕਾਰੀ ਤੇ ਕਰ ਵਿਭਾਗ ਦਾ ਚਾਰਜ ਵਾਪਸ ਲੈ ਲਿਆ ਹੈ। ਜਾਰੀ ਹੁਕਮਾਂ ਅਨੁਸਾਰ ਵਿਭਾਗ ਦਾ ਚਾਰਜ ਹੁਣ ਪ੍ਰਮੁੱਖ ਸਕੱਤਰ ਏ.ਵੇਨੂੰ ਪ੍ਰਸਾਦ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਕੋਲ ਪਹਿਲਾਂ ਜਲ ਸਰੋਤ ਵਿਭਾਗ ਹੈ।
ਸ੍ਰੀ ਵੇਨੂੰ ਪ੍ਰਸਾਦ 20 ਮਈ ਤੱਕ ਛੁੱਟੀ ’ਤੇ ਹਨ ਜਿਸ ਕਰਕੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਕਰ ਅਤੇ ਆਬਕਾਰੀ ਮਹਿਕਮੇ ਦਾ ਚਾਰਜ ਦਿੱਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਮੁੱਖ ਸਕੱਤਰ ਨੂੰ ਅੱਜ ਦੂਜਾ ਝਟਕਾ ਦਿੱਤਾ ਗਿਆ ਹੈ ਜਦੋਂ ਕਿ ਪਹਿਲਾਂ ਉਨ੍ਹਾਂ ਦੇ ਕੈਬਨਿਟ ਮੀਟਿੰਗ ਵਿੱਚ ਆਉਣ ਦਾ ਰਾਹ ਰੋਕ ਡੱਕ ਦਿੱਤਾ ਗਿਆ ਸੀ। ਹਾਲਾਂਕਿ ਇਹ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਮੁੱਖ ਸਕੱਤਰ ਤੋਂ ਚਾਰਜ ਵਾਪਸ ਲੈਣ ਦੇ ਫੈਸਲੇ ਨਾਲ ਵਜ਼ੀਰਾਂ ਦੀ ਤਸੱਲੀ ਹੋਵੇਗੀ ਜਾਂ ਨਹੀਂ।