ਚੰਡੀਗੜ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਰਾਹੀਂ ਪੰਜਾਬ ਨੌਜਵਾਨਾਂ ਨੂੰ ਉਨਾਂ ਦੇ ਸੁਪਨੇ ਪੂਰੇ ਕਰਨ ਅਤੇ ਆਪਣੇ ਭਾਈਚਾਰੇ ਵਿਚ ਬਦਲਾਅ ਦੇ ਦੂਤ ਬਣਨ ਤੇ ਇਸ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਆਪਣੇ ਜੀਵਨ ਦਾ ਮਕਸਦ ਹਾਸਲ ਕਰਵਾਉਣ ਲਈ ਮਦਦ ਕੀਤੀ ਜਾਵੇਗੀ।
ਨੌਜਵਾਨਾਂ ਲਈ ਸਰਵੋਤਮ ਮੌਕੇ ਮੁਹੱਈਆ ਕਰਵਾਉਣ ’ਤੇ ਕੇਂਦਰਤ ਇਹ ਪ੍ਰਾਜੈਕਟ ਯੁਵਕ ਸੇਵਾਵਾਂ ਅਤੇ ਖੇਡ ਵਿਭਾਗ ਤੇ ‘ਯੁਵਾਹ’- ਜੋ ਕਿ ਯੂਨੀਸੈਫ, ਯੂ.ਐਨ. ਏਜੰਸੀਆਂ, ਸਿਵਲ ਸੁਸਾਇਟੀ ਦੇ ਸੰਗਠਣਾਂ ਅਤੇ ਨਿੱਜੀ ਖੇਤਰ ਦਾ ਉਦਮ ਹੈ, ਦੀ ਸਾਂਝੀ ਕੋਸ਼ਿਸ਼ ਹੈ। ਦੱਸਣਯੋਗ ਹੈ ਕਿ ਇਸ ਉੱਦਮ ਦੀ ਸ਼ੁਰੂਆਤ ਯੁਵਾਹ ਅਤੇ ਯੂਨੀਸੈਫ ਦੇ ਸਹਿਯੋਗ ਨਾਲ ਯੂ-ਰਿਪੋਰਟ ਦੀ ਮਦਦ ਨਾਲ ਕੀਤੇ ਜਾਣ ਵਾਲੇ ਇੱਕ ਸਰਵੇਖਣ ਰਾਹੀਂ ਕੀਤੀ ਜਾਵੇਗੀ ਅਤੇ ਪੰਜਾਬ ਦੇ ਨੌਜਵਾਨ ਵਰਗ ਨੂੰ ਦਰਪੇਸ਼ ਚੁਣੌਤੀਆਂ ਦੀ ਸੁਣਵਾਈ ਕਰਦੇ ਹੋਏ ਉਨਾਂ ਦੀਆਂ ਇੱਛਾਵਾਂ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਨੌਜਵਾਨ ਵਰਗ ਲਈ ਰੁਜ਼ਗਾਰ ਮੁਹੱਈਆ ਕਰਨ ਅਤੇ ਉਨਾਂ ਅੰਦਰ ਲੁਕੀ ਉੱਦਮਤਾ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਪੰਜਾਬ ਸਰਕਾਰ, ਯੂ.ਐਨ. ਏਜੰਸੀਆਂ, ਨਿੱਜੀ ਖੇਤਰ ਅਤੇ ਸਿਵਲ ਸੁਸਾਇਟੀ ਸੰਗਠਨਾਂ ਵੱਲੋਂ ਗੰਭੀਰ ਉਪਰਾਲੇ ਕੀਤੇ ਜਾਣਗੇ।
ਯੁਵਾਹ ਸਾਂਝੇਦਾਰੀ ਵੱਲੋਂ ਆਪਣੇ ਕੈਰੀਅਰ ਗਾਈਡੈਂਸ ਪੋਰਟਲ ਜ਼ਰੀਏ ਹੁਣ ਤੱਕ ਪੂਰੇ ਭਾਰਤ ਵਿਚ 15 ਮਿਲੀਅਨ ਨੌਜਵਾਨਾਂ ਨੂੰ ਆਪਣਾ ਕੈਰੀਅਰ ਸੰਵਾਰਨ ਲਈ ਮੌਕੇ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਗਈ ਹੈ ਅਤੇ ਛੇਤੀ ਹੀ ਇਹ ਸੁਵਿਧਾ ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਕੀਮਤ ਦੇ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਲਈ ਯੂ-ਰਿਪੋਰਟ ਨੂੰ ਸੂਬੇ ਦੇ ਨੌਜਵਾਨਾਂ ਦੇ ਜੀਵਨ ਲਈ ਬੇਹੱਦ ਅਸਰਦਾਰ ਸਾਬਤ ਹੋਣ ਵਾਲੀਆਂ ਨੀਤੀਆਂ ਨਿਰਧਾਰਤ ਕਰਨ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਪੱਖੋਂ ਬੇਹੱਦ ਅਹਿਮ ਮੌਕਾ ਸਿੱਧ ਹੋਵੇਗੀ।