ਸਾਂਝੇ ਅਧਿਆਪਕ ਮੋਰਚੇ ਦੀ ਭਲਕੇ 5 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤੈਅ ਹੋਈ ਬੈਠਕ ਮੁਲਤਵੀ ਹੋ ਗਈ ਹੈ। ਅਜਿਹੇ ਵਿੱਚ ਅਧਿਆਪਕਾਂ ’ਚ ਕੈਪਟਨ ਸਰਕਾਰ ਖ਼ਿਲਾਫ਼ ਨਾਰਾਜ਼ਗੀ ਤੇ ਬੇਭਰੋਸਗੀ ਦਾ ਮਾਹੌਲ ਪੈਦਾ ਹੋ ਗਿਆ ਹੈ। ਮੋਰਚੇ ਨੇ ਸਰਕਾਰ ਖ਼ਿਲਾਫ਼ ਅਗਲੀ ਰਣਨੀਤੀ ਘੜਨ ਲਈ ਭਲਕੇ 5 ਨਵੰਬਰ ਨੂੰ ਪਟਿਆਲਾ ਵਿੱਚ ਸੂਬਾ ਕਮੇਟੀ ਦੀ ਬੈਠਕ ਸੱਦ ਲਈ ਹੈ। ਸਮਝਿਆ ਜਾਂਦਾ ਹੈ ਕਿ ਹੁਣ ਸੰਘਰਸ਼ੀ ਅਧਿਆਪਕਾਂ ਤੇ ਸਿੱਖਿਆ ਵਿਭਾਗ ਦਰਮਿਆਨ ਸਿੰਗ ਹੋਰ ਫਸਣਗੇ। ਯਾਦ ਰਹੇ ਕਿ ਸਾਂਝੇ ਅਧਿਆਪਕ ਮੋਰਚੇ ਤੇ ਸਿੱਖਿਆ ਵਿਭਾਗ ਦਰਮਿਆਨ ਪਹਿਲਾਂ ਹੀ ਮਾਹੌਲ ਕਥਿਤ ਤਲਖੀ ਵਾਲਾ ਹੈ। ਸੰਘਰਸ਼ੀ ਅਧਿਆਪਕ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਆਰੰਭੇ ‘ਪੜ੍ਹੋ ਪੰਜਾਬ ਪ੍ਰਾਜੈਕਟ’ ਦਾ ਬਾਈਕਾਟ ਕਰ ਰਹੇ ਹਨ, ਜਦੋਂ ਕਿ ਸਿੱਖਿਆ ਵਿਭਾਗ ਵੱਲੋਂ ਸੰਘਰਸ਼ੀ ਅਧਿਆਪਕਾਂ ’ਤੇ ਬਦਲੀਆਂ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ। ਸਮਝਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਨਾਲ ਹੋਣ ਵਾਲੀ ਬੈਠਕ ਵਿੱਚ ਸਾਰੇ ਪੇਚੀਦਾ ਮਸਲੇ ਹੱਲ ਹੋ ਜਾਣਗੇ, ਪਰ ਅੱਜ ਜਿਉਂ ਹੀ ਭਲਕੇ 5 ਨਵੰਬਰ ਦੀ ਮੀਟਿੰਗ ਰੱਦ ਹੋਣ ਬਾਰੇ ਪਤਾ ਲੱਗਾ ਤਾਂ ਅਧਿਆਪਕ ਵਰਗ ’ਚ ਗੁੱਸੇ ਦੀ ਲਹਿਰ ਫੈਲ ਗਈ।
ਕਾਬਿਲੇਗੌਰ ਹੈ ਕਿ 23 ਅਕਤੂਬਰ ਨੂੰ ਅਧਿਆਪਕ ਵਫ਼ਦ ਦੀ ਚੰਡੀਗੜ੍ਹ ਵਿੱਚ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਨਾਲ ਹੋਈ ਗੱਲਬਾਤ ਦੌਰਾਨ ਦੋਵਾਂ ਅਧਿਕਾਰੀਆਂ ਨੇ ਵਫ਼ਦ ਦੀ 5 ਨਵੰਬਰ ਨੂੰ ਸਵੇਰੇ 12 ਵਜੇ ਮੁੱਖ ਮੰਤਰੀ ਪੰਜਾਬ ਨਾਲ ਬੈਠਕ ਤੈਅ ਕਰਵਾਈ ਸੀ। ਅਜਿਹੇ ’ਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਅੱਜ ਦੁਪਹਿਰ ਬਾਅਦ ਤੱਕ ਵੀ ਮੁੱਖ ਮੰਤਰੀ ਨਾਲ ਬੈਠਕ ਸਬੰਧੀ ਬਕਾਇਦਾ ਤਿਆਰੀ ਕੀਤੀ ਜਾਂਦੀ ਰਹੀ। ਅਧਿਆਪਕਾਂ ਦੇ ਵਫ਼ਦ ਨੇ ਇਸ ਬੈਠਕ ਸਬੰਧੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕੋਲ ਜਾ ਕੇ ਮਦਦ ਵੀ ਮੰਗੀ, ਪਰ ਸ਼ਾਮ ਨੂੰ ਪਤਾ ਲੱਗਾ ਕਿ ਭਲਕੇ ਦੀ ਬੈਠਕ ਸਰਕਾਰ ਦੀ ਤਰਫ਼ੋਂ ਰੱਦ ਕਰ ਦਿੱਤੀ ਗਈ ਹੈ। ਮੋਰਚੇ ਦੇ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ ਨੇ ਦੱਸਿਆ ਕਿ ਸਰਕਾਰ ਦੇ ਅਜਿਹੇ ਗੈਰ-ਸੰਜੀਦਾ ਰਵੱਈਏ ਮਗਰੋਂ ਸੰਘਰਸ਼ੀ ਅਧਿਆਪਕਾਂ ’ਚ ਗੁੱਸਾ ਹੈ ਤੇ ਅਗਲੀ ਰਣਨੀਤੀ ਘੜਨ ਲਈ ਮੋਰਚੇ ਦੀ ਸੂਬਾ ਕਮੇਟੀ ਦੀ ਹੰਗਾਮੀ ਬੈਠਕ ਭਲਕੇ 5 ਨਵੰਬਰ ਨੂੰ ਪਟਿਆਲਾ ’ਚ ਸੱਦ ਲਈ ਹੈ, ਜਿਸ ਵਿੱਚ ਸਰਕਾਰ ਖ਼ਿਲਾਫ਼ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਰਚੇ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ’ਚ ਕਾਲੀ ਦੀਵਾਲੀ ਮਨਾਈ ਜਾਵੇਗੀ। ਉਧਰ ਸਾਂਝੇ ਅਧਿਆਪਕ ਮੋਰਚੇ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ‘ਚ ਲਾਇਆ ਪੱਕਾ ਮੋਰਚਾ ਅੱਜ 29ਵੇਂ ਦਿਨ ਵੀ ਜਾਰੀ ਰਿਹਾ, ਜਿਸ ਵਿੱਚ 15 ਅਧਿਆਪਕ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਵਿਕਰਮਦੇਵ, ਰਣਜੀਤ ਮਾਨ, ਅਮਨ ਦਿਓਲ ਤੇ ਗੁਰਪ੍ਰੀਤ ਅੰਮੀਵਾਲ ਆਦਿ ਆਗੂ ਮੌਜੂਦ ਸਨ।
INDIA ਮੁੱਖ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਅਧਿਆਪਕ ਮੋਰਚਾ ਨਿਰਾਸ਼