ਦਿੱਲੀ (ਸਮਾਜ ਵੀਕਲੀ) : ਅਯੁੱਧਿਆ ’ਚ ਅੱਜ ਰਾਮ ਮੰਦਿਰ ਦੀ ਉਸਾਰੀ ਲਈ ਭੂਮੀ ਪੂਜਨ ਸਮਾਗਮ ਤੋਂ ਦੋ ਦਿਨ ਪਹਿਲਾਂ ਧਾਰਮਿਕ ਰੀਤੀ-ਰਿਵਾਜ ਸ਼ੁਰੂ ਹੋ ਗਏ। ਭਲਕੇ ਹਨੂਮਾਨਗੜ੍ਹੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਰਾਮ ਮੰਦਿਰ ਲਈ ਭੂਮੀ ਪੂਜਨ ਸਮਾਗਮ ਸਮੇਂ ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
ਉਹ ਇੱਥੇ 5 ਅਗਸਤ ਦੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸਨ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਮਾਗਮ ’ਤੇ ਨਾਂਹ-ਪੱਖੀ ਟਿੱਪਣੀਆਂ ਕਰਨ ਵਾਲਿਆਂ ਨੇ ਰਾਮ ਮੰਦਿਰ ਦੇ ਨਿਰਮਾਣ ’ਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਤੇ ਲੋਕ ਉਨ੍ਹਾਂ ਬਾਰੇ ਜਾਣਦੇ ਹਨ। ਉਨ੍ਹਾਂ ਕਿਹਾ,‘ਇਹ ਇਤਿਹਾਸਕ ਹੀ ਨਹੀਂ ਭਾਵੁਕ ਪਲ ਵੀ ਹੋਵੇਗਾ ਕਿਉਂਕਿ 500 ਸਾਲਾਂ ਬਾਅਦ ਰਾਮ ਮੰਦਿਰ ਦੇ ਨਿਰਮਾਣ ਦਾ ਕਾਰਜ ਸ਼ੁਰੂ ਹੋਵੇਗਾ।’