ਏਸ਼ਿਆਈ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਸੁਮਿਤ ਸਾਂਗਵਾਨ ਦਾ ਡੋਪ ਟੈਸਟ ਫੇਲ ਹੋਣ ਤੋਂ ਕੌਮੀ ਕੋਚ ਸੀਏ ਕੁਟੱਪਾ ਸਣੇ ਭਾਰਤੀ ਮੁੱਕੇਬਾਜ਼ੀ ਜਗਤ ਅਚੰਭੇ ਵਿੱਚ ਹੈ। 26 ਸਾਲ ਦਾ ਸਾਂਗਵਾਨ 91 ਕਿਲੋ ਭਾਰ ਵਰਗ ਵਿੱਚ ਕੌਮੀ ਚੈਂਪੀਅਨ ਬਣਿਆ ਅਤੇ ਉਹ ਆਪਣੇ ਮਨਪਸੰਦ 81 ਕਿਲੋ ਵਿੱਚ ਵਾਪਸੀ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਖ਼ਬਰ ਆਈ ਕਿ ਉਸ ਦੇ ਨਮੂਨੇ ’ਚ ਡਿਊਰੇਟਿਕ ਐਸਟਾਜ਼ੋਲਾਮਾਈਡ ਪਾਜ਼ੀਟਿਵ ਪਾਇਆ ਗਿਆ। ਨੇਪਾਲ ਵਿੱਚ ਖ਼ਤਮ ਹੋਈਆਂ ਦੱਖਣੀ ਏਸ਼ਿਆਈ ਖੇਡਾਂ ਤੋਂ ਪਰਤੇ ਕੁਟੱਪਾ ਨੇ ਕਿਹਾ, ‘‘ਮੈਂ ਹੈਰਾਨ ਹਾਂ, ਉਸ ਦਾ ਰਿਕਾਰਡ ਪਾਕ ਸਾਫ਼ ਰਿਹਾ ਹੈ ਅਤੇ ਮੈਂ ਮੰਨਦਾ ਹਾਂ ਕਿ ਇਹ ਗ਼ਲਤੀ ਨਾਲ ਹੋਇਆ ਹੈ।’’ ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟਿਆਗੋ ਨੀਵਾ ਨੇ ਖ਼ੁਲਾਸਾ ਕੀਤਾ ਕਿ ਸਾਂਗਵਾਨ ਪਟਿਆਲਾ ਵਿੱਚ ਕੌਮੀ ਕੈਂਪ ਛੱਡ ਚੁੱਕਿਆ ਹੈ। ਉਸ ਨੇ ਕਿਹਾ, ‘‘ਇਸ ਮੁੱਦੇ ਨਾਲ ਨਜਿੱਠਣ ਲਈ ਉਸ ਨੇ ਛੁੱਟੀ ਲੈ ਲਈ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਹੈ।’’ ਲੰਡਨ ਓਲੰਪਿਕ 2012 ਵਿੱਚ ਹਿੱਸਾ ਲੈਣ ਵਾਲੇ ਸਾਂਗਵਾਨ ਦੀ ਰਿਪੋਰਟ ਜਨਤਕ ਹੋਣ ਮਗਰੋਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਇਸ ਮੁੱਕੇਬਾਜ਼ ਤੋਂ ਪ੍ਰਤੀਕਿਰਿਆ ਨਹੀਂ ਮਿਲੀ ਕਿ ਉਹ ‘ਬੀ’ ਨਮੂਨੇ ਦਾ ਟੈਸਟ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ। ਪਿਛਲੇ ਇੱਕ ਹਫ਼ਤੇ ਵਿੱਚ ਭਾਰਤੀ ਮੁੱਕੇਬਾਜ਼ੀ ਨੂੰ ਡੋਪਿੰਗ ਦਾ ਇਹ ਦੂਜਾ ਝਟਕਾ ਲੱਗਿਆ ਹੈ। ਇਸ ਤੋਂ ਪਹਿਲਾਂ ਕੌਮਾਂਤਰੀ ਤਗ਼ਮਾ ਜੇਤੂ ਮਹਿਲਾ ਮੁੱਕੇਬਾਜ਼ ਨੀਰਜ ਫੋਗਾਟ ਦੇ ਨਮੂਨੇ ਵਿੱਚ ਐਨਾਬੌਲਿਕ ਸਟੇਰਾਇਡ ਪਾਜ਼ੀਟਿਵ ਪਾਇਆ ਗਿਆ ਸੀ।
Sports ਮੁੱਕੇਬਾਜ਼ ਸਾਂਗਵਾਨ ਦਾ ਡੋਪ ਟੈਸਟ ਫੇਲ ਹੋਣ ਤੋਂ ਕੌਮੀ ਕੋਚ ਹੈਰਾਨ