ਗੌਰਵ ਸੋਲੰਕੀ ਅਤੇ ਮਨੀਸ਼ ਕੌਸ਼ਿਕ ਨੇ ਅੱਜ ਪੋਲੈਂਡ ਦੇ ਵਾਰਸਾ ਵਿੱਚ 26ਵੇਂ ਫੈਲਿਕਸ ਸਟੇਮ ਕੌਮਾਂਤਰੀ ਮੁੱਕੇਬਾਜ਼ੀ ਵਿੱਚ ਸੋਨ ਤਗ਼ਮੇ ਜਿੱਤੇ। ਇਸ ਤਰ੍ਹਾਂ ਭਾਰਤੀ ਮੁੱਕੇਬਾਜ਼ ਟੂਰਨਾਮੈਂਟ ਵਿੱਚ ਛੇ ਤਗ਼ਮੇ ਜਿੱਤਣ ਵਿੱਚ ਸਫਲ ਰਹੇ। ਭਾਰਤੀ ਮੁੱਕੇਬਾਜ਼ਾਂ ਨੇ ਦੋ ਸੋਨੇ ਤੋਂ ਇਲਾਵਾ ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮਿਆਂ ਨਾਲ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ। 22 ਸਾਲ ਦੇ ਸੋਲੰਕੀ (523 ਕਿਲੋ) ਨੇ ਇੰਗਲੈਂਡ ਦੇ ਵਿਲੀਅਮ ਕੌਲੇ ਨੂੰ 5-0 ਨਾਲ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ।
ਉਨ੍ਹਾਂ ਨੇ ਇੱਕ ਵਾਰ ਫਿਰ ਉਸ ਲੈਅ ਦਾ ਨਮੂਨਾ ਪੇਸ਼ ਕੀਤਾ, ਜਿਸ ਨਾਲ ਉਹ ਬੀਤੇ ਸਾਲ ਰਾਸ਼ਟਰਮੰਡਲ ਖੇਡਾਂ ਅਤੇ ਕੈਮਿਸਟਰੀ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਿੱਚ ਸਫਲ ਰਹੇ ਸਨ। ਬੀਤੇ ਸਾਲ ਇੰਡੀਆ ਓਪਨ ਵਿੱਚ ਸੋਨਾ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ 23 ਸਾਲ ਦੇ ਕੌਸ਼ਿਕ (60 ਕਿਲੋ) ਨੂੰ ਵੀ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਸ ਨੇ ਮੋਰੱਕੋ ਦੇ ਮੁਹੰਮਦ ਹਮੋਤ ਨੂੰ 4-1 ਨਾਲ ਹਰਾਇਆ। ਬੈਂਟਮਵੇਟ ਮਾਹਿਰ ਮੁਹੰਮਦ ਹਸਮੂਦੀਨ (56 ਕਿਲੋ) ਨੂੰ ਫਿਰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਹ ਫਾਈਨਲ ਵਿੱਚ ਰੂਸ ਦੇ ਮੁਖਮਾਦ ਸ਼ੇਖੋਵ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ 1-4 ਨਾਲ ਹਾਰ ਗਿਆ।
ਭਾਰਤ ਦੇ ਤਿੰਨ ਹੋਰ ਮੁੱਕੇਬਾਜ਼ਾਂ ਨੂੰ ਸੈਮੀ ਫਾਈਨਲ ਵਿੱਚ ਹਾਰ ਕਾਰਨ ਕਾਂਸੀ ਦੇ ਤਗ਼ਮੇ ਮਿਲੇ। ਮਨਦੀਪ ਜਾਂਗੜਾ ਨੂੰ 69 ਕਿਲੋ ਵਿੱਚ ਰੂਸ ਦੇ ਵਾਦਿਮ ਮੁਸਾਈਵ ਖ਼ਿਲਾਫ਼ 0-5, ਜਦਕਿ ਸੰਜੀਤ ਨੂੰ 91 ਕਿਲੋ ਵਰਗ ਵਿੱਚ ਨਿਊਜ਼ੀਲੈਂਡ ਦੇ ਡੇਵਿਡ ਨਾਈਕਾ ਖ਼ਿਲਾਫ਼ ਇਸੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੰਕਿਤ ਖਟਾਨਾ ਨੂੰ 64 ਕਿਲੋ ਵਰਗ ਵਿੱਚ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਸੈਮੀ ਫਾਈਨਲ ਵਿੱਚ ਪੋਲੈਂਡ ਦੇ ਡੇਮੀਅਨ ਦੁਰਕਾਜ਼ ਤੋਂ 2-3 ਨਾਲ ਹਾਰ ਝੱਲਣੀ ਪਈ। ਛੇ ਰੋਜ਼ਾ ਟੂਰਨਾਮੈਂਟ ਵਿੱਚ ਦੁਨੀਆਂ ਭਰ ਦੇ ਮੁੱਕੇਬਾਜ਼ਾਂ ਨੇ ਪੁਰਸ਼ਾਂ ਦੀਆਂ ਦਸ ਸ਼੍ਰੇਣੀਆਂ ਅਤੇ ਮਹਿਲਾ ਦੀਆਂ ਪੰਜ ਸ਼੍ਰੇਣੀਆਂ ਵਿੱਚ ਹਿੱਸਾ ਲਿਆ ਸੀ।
Sports ਮੁੱਕੇਬਾਜ਼ੀ: ਸੋਲੰਕੀ ਤੇ ਕੌਸ਼ਿਕ ਨੇ ਸੋਨ ਤਗ਼ਮੇ ਜਿੱਤੇ