2008 ਮੁੰਬਈ ਹਮਲੇ ਦੀ ਯੋਜਨਾ ਘੜਨ ਦੇ ਦੋਸ਼ ’ਚ ਅਮਰੀਕਾ ਵਿੱਚ 14 ਸਾਲ ਜੇਲ੍ਹ ਦੀ ਸਜ਼ਾ ਕਟ ਰਹੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਤਹੱਵੁਰ ਹੁਸੈਨ ਰਾਣਾ ਨੂੰ ਸਾਲ 2021 ਵਿੱਚ ਸਜ਼ਾ ਮੁਕੰਮਲ ਹੋਣ ਮਗਰੋਂ ਭਾਰਤ ਹਵਾਲੇ ਕਰਨ ਦੀ ‘ਪੱਕੀ ਸੰਭਾਵਨਾ’ ਹੈ। ਇਹ ਦਾਅਵਾ ਇਸ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਕੀਤਾ ਹੈ। ਸੂਤਰ ਮੁਤਾਬਕ ਟਰੰਪ ਪ੍ਰਸ਼ਾਸਨ ਵਿੱਚ ਸਿਖਰਲੇ ਪੱਧਰ ਦੇ ਅਧਿਕਾਰੀਆਂ ਨੇ ਭਾਰਤ ਨੂੰ ਰਾਣਾ ਦੀ ਹਵਾਲਗੀ ਸਬੰਧੀ ਹਰ ਜ਼ਰੂਰੀ ਕਦਮ ਚੁੱਕਣ ਦਾ ਯਕੀਨ ਦਿਵਾਇਆ ਹੈ। ਸ਼ਿਕਾਗੋ ਦੇ ਵਸਨੀਕ ਰਾਣਾ (58) ਨੂੰ 2009 ਵਿੱਚ 26/11 ਦਹਿਸ਼ਤੀ ਹਮਲੇ ਦੀ ਯੋਜਨਾ ਘੜਨ ਦੇ ਦੋੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਕਾਬਿਲੇਗੌਰ ਹੈ ਕਿ ਪਾਕਿਸਤਾਨ ਅਧਾਰਿਤ ਲਸ਼ਕਰ-ਏ-ਤੋਇਬਾ ਦੇ ਦਸ ਦਹਿਸ਼ਤਗਰਦਾਂ ਵੱਲੋਂ ਮੁੰਬਈ ’ਤੇ ਕੀਤੇ ਹਮਲੇ ਵਿੱਚ ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ। ਜਵਾਬੀ ਕਾਰਵਾਈ ਦੌਰਾਨ ਪੁਲੀਸ ਨੇ ਇਨ੍ਹਾਂ ਵਿੱਚੋਂ ਨੌਂ ਹਮਲਾਵਰਾਂ ਨੂੰ ਮਾਰ ਮੁਕਾਇਆ ਸੀ ਜਦੋਂਕਿ ਇਕ ਦਹਿਸ਼ਤਗਰਦ ਅਜਮਲ ਕਸਾਬ ਜਿਊਂਦਾ ਫੜਿਆ ਗਿਆ ਸੀ, ਜਿਸ ਨੂੰ ਮਗਰੋਂ ਭਾਰਤੀ ਅਦਾਲਤ ਵੱਲੋਂ ਸੁਣਾਈ ਮੌਤ ਦੀ ਸਜ਼ਾ ਤਹਿਤ ਫਾਹੇ ਟੰਗ ਦਿੱਤਾ ਗਿਆ। ਸੂਤਰ ਮੁਤਾਬਕ ਤਹੱਵੁਰ ਰਾਣਾ ਦਸੰਬਰ 2021 ਵਿੱਚ ਜੇਲ੍ਹ ’ਚੋਂ ਰਿਹਾਅ ਹੋਵੇਗਾ। ਭਾਰਤ ਸਰਕਾਰ ਰਾਣਾ ਦੀ ਸਜ਼ਾ ਦੀ ਮਿਆਦ ਮੁਕੰਮਲ ਹੋਣ ਤੋਂ ਪਹਿਲਾਂ ਉਹਦੀ ਹਵਾਲਗੀ ਹਾਸਲ ਕਰਨ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੀ ਹੈ। ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਰਤ, ਰਾਣਾ ਦੀ ਹਵਾਲਗੀ ਲਈ ਇਨ੍ਹਾਂ ਦੋਸ਼ਾਂ ਨੂੰ ਅਧਾਰ ਬਣਾਏਗਾ ਕਿ ਨਵੀਂ ਦਿੱਲੀ ਅਧਾਰਿਤ ਡਿਫੈਂਸ ਕਾਲਜ ਤੇ ਹੋਰਨਾਂ ਕਈ ਸ਼ਹਿਰਾਂ ਵਿਚਲੇ ਚਬਾੜ ਹਾਊਸਾਂ ’ਤੇ ਹਮਲੇ ਦੀ ਯੋਜਨਾ ਬਣਾਉਣ ਵਿੱਚ ਰਾਣਾ ਦੀ ਸਰਗਰਮ ਭੂਮਿਕਾ ਸੀ। ਇਹੀ ਨਹੀਂ ਰਾਣਾ ਖ਼ਿਲਾਫ਼ ਭਾਰਤ ਵਿੱਚ ਧੋਖਾਧੜੀ ਦਾ ਵੀ ਇਕ ਕੇਸ ਦਰਜ ਹੈ। ਸੂਤਰ ਨੇ ਕਿਹਾ, ‘ਰਾਣਾ ਦੀ ਸਜ਼ਾ ਦੀ ਮਿਆਦ ਪੂਰੀ ਹੋਣ ਮਗਰੋਂ ਉਹਨੂੰ ਭਾਰਤ ਹਵਾਲੇ ਕੀਤੇ ਜਾਣ ਦੀ ‘ਪੱਕੀ ਸੰਭਾਵਨਾ’ ਹੈ।
HOME ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕੀਤੇ ਜਾਣ ਦੀ...