ਮੁੰਬਈ ਵਿਚ ਹੋਏ ਅਤਿਵਾਦੀ ਹਮਲੇ ਦੇ ਮਾਮਲੇ ’ਚ ਇੱਥੋਂ ਦੀ ਇਕ ਅਦਾਲਤ ਨੇ ਪਾਕਿਸਤਾਨੀ ਫ਼ੌਜੀ ਅਧਿਕਾਰੀ ਮੇਜਰ ਅਬਦੁਲ ਰਹਿਮਾਨ ਪਾਸ਼ਾ ਤੇ ਮੇਜਰ ਇਕਬਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਮੇਜਰ ਪਾਸ਼ਾ ਸੇਵਾਮੁਕਤ ਹੋ ਚੁੱਕੇ ਹਨ ਜਦਕਿ ਇਸਤਗਾਸਾ ਪੱਖ ਨੂੰ ਸ਼ੱਕ ਹੈ ਕਿ ਮੇਜਰ ਇਕਬਾਲ ਅਜੇ ਵੀ ਪਾਕਿ ਖ਼ੁਫੀਆ ਏਜੰਸੀ ਆਈਐੱਸਆਈ ਦੇ ਅਧਿਕਾਰੀ ਵਜੋਂ ਸਰਗਰਮ ਹਨ। ਮੁੰਬਈ ਅਤਿਵਾਦੀ ਹਮਲੇ ਵਿਚ ਸਰਕਾਰੀ ਗਵਾਹ ਬਣਿਆ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਇਸ ਬਾਰੇ ਪਹਿਲਾਂ ਹੀ ਆਪਣਾ ਬਿਆਨ ਦਰਜ ਕਰਵਾ ਚੁੱਕਿਆ ਹੈ। ਅਪਰਾਧ ਸ਼ਾਖ਼ਾ ਵੱਲੋਂ ਦਾਖ਼ਲ ਕੀਤੇ ਦੋਸ਼ ਪੱਤਰ ਵਿਚ ਮੇਜਰ ਇਕਬਾਲ ਤੇ ਪਾਸ਼ਾ ਨੂੰ ਲੋੜੀਂਦੇ ਮੁਲਜ਼ਮਾਂ (ਵਾਂਟੇਡ) ਵੱਜੋਂ ਦਰਸਾਇਆ ਗਿਆ ਹੈ। ਇਸ ਮਾਮਲੇ ਵਿਚ ਵਿਸ਼ੇਸ਼ ਸਰਕਾਰੀ ਵਕੀਲ ਵੱਲੋਂ 21 ਜਨਵਰੀ ਨੂੰ ਅਰਜ਼ੀ ਦਾਇਰ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਸੇ ਅਦਾਲਤ ਵੱਲੋਂ ਲਸ਼ਕਰ ਦੇ ਕਾਰਕੁਨ ਸਈਦ ਜ਼ਬੀਊਦੀਨ ਅੰਸਾਰੀ ਉਰਫ਼ ਅਬੂ ਜਿੰਦਾਲ ਖ਼ਿਲਾਫ਼ ਮੁੰਬਈ ਅਤਿਵਾਦੀ ਹਮਲਿਆਂ ਦੇ ਮਾਮਲੇ ’ਚ ਸੁਣਵਾਈ ਕੀਤੀ ਜਾ ਰਹੀ ਹੈ। ਵਿਸ਼ੇਸ਼ ਸਰਕਾਰੀ ਵਕੀਲ ਉੱਜਵਲ ਨਿਕਮ ਨੇ ਅਦਾਲਤ ਵਿਚ ਤਰਕ ਦਿੱਤਾ ਸੀ ਕਿ ਹੈਡਲੀ ਨੇ ਆਪਣੇ ਬਿਆਨਾਂ ਵਿਚ ਇਨ੍ਹਾਂ ਦੋਵਾਂ ਪਾਕਿ ਅਧਿਕਾਰੀਆਂ ਦੀ ਹਮਲੇ ਦੀ ਸਾਜ਼ਿਸ਼ ਵਿਚ ਸ਼ਮੂਲੀਅਤ ਹੋਣ ਬਾਰੇ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਲਸ਼ਕਰ ਕਾਰਕੁਨ ਸਾਜੀਦ ਮੀਰ, ਅਬੂ ਕਾਹਫ਼ਾ ਤੇ ਜ਼ਕੀ-ਉਰ-ਰਹਿਮਾਨ ਲਖ਼ਵੀ ਵੀ ਇਨ੍ਹਾਂ ਨਾਲ ਹੁੰਦੀਆਂ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਰਹੇ ਸਨ। ਹੈਡਲੀ ਇਸ ਵੇਲੇ ਅਮਰੀਕੀ ਜੇਲ੍ਹ ਵਿਚ ਹੈ ਤੇ ਉਸ ਦੇ ਬਿਆਨ 2016 ਵਿਚ ਵੀਡੀਓ ਕਾਨਫ਼ਰੰਸ ਜ਼ਰੀਏ ਦਰਜ ਕੀਤੇ ਗਏ ਸਨ। ਡੇਵਿਡ ਹੈਡਲੀ ਦੇ ਬਿਆਨ ਤੋਂ ਭਾਰਤ ਦੇ ਉਸ ਦਾਅਵੇ ਨੂੰ ਮਜ਼ਬੂਤੀ ਮਿਲੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 26 ਨਵੰਬਰ, 2008 ਵਿਚ ਹੋਏ ਹਮਲੇ ਨੂੰ ਪਾਕਿ ਅਤਿਵਾਦੀ ਜਥੇਬੰਦੀ ਦੇ ਨਾਲ-ਨਾਲ ਉੱਥੇ ਦੀ ਫ਼ੌਜ ਦੀ ਵੀ ਹਮਾਇਤ ਹਾਸਲ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 6 ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਹੈਡਲੀ ਨੇ ਇਹ ਵੀ ਕਿਹਾ ਸੀ ਕਿ ਮੁੰਬਈ ਅਤਿਵਾਦੀ ਹਮਲੇ ਦੀ ਸਾਜ਼ਿਸ਼ ਘੜਨ ਲਈ ਜੋ ਮੀਟਿੰਗਾਂ ਕੀਤੀਆਂ ਗਈਆਂ ਸਨ, ਉਨ੍ਹਾਂ ਵਿਚ ਮੇਜਰ ਇਕਬਾਲ ਤੇ ਪਾਸ਼ਾ ਦੋਵੇਂ ਮੌਜੂਦ ਸਨ। ਉਨ੍ਹਾਂ ਹਮਲੇ ਲਈ ਥਾਵਾਂ ਚੁਣਨ ਵਿਚ ਵੀ ਮਦਦ ਕੀਤੀ ਸੀ। ਇਸ ਤੋਂ ਬਾਅਦ ਵੀ ਹੈਡਲੀ, ਮੇਜਰ ਇਕਬਾਲ ਦੇ ਸੰਪਰਕ ਵਿਚ ਰਿਹਾ ਤੇ ਦਸੰਬਰ 2006 ਵਿਚ ਮੁੰਬਈ ਦੇ ਦੌਰੇ ਤੋਂ ਬਾਅਦ ਪਾਕਿਸਤਾਨ ਵੀ ਗਿਆ।
HOME ਮੁੰਬਈ ਹਮਲਾ: ਦੋ ਪਾਕਿ ਫ਼ੌਜੀ ਅਧਿਕਾਰੀਆਂ ਦੇ ਗ਼ੈਰ ਜ਼ਮਾਨਤੀ ਵਾਰੰਟ