ਵਾਸ਼ਿੰਗਟਨ (ਸਮਾਜਵੀਕਲੀ) : ਭਾਰਤ ਵੱਲੋਂ ਹਵਾਲਗੀ ਦੀ ਕੀਤੀ ਗਈ ਬੇਨਤੀ ਮਗਰੋਂ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ (59) ਨੂੰ ਲਾਸ ਏਂਜਲਸ ’ਚ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤ ਨੂੰ ਉਹ 2008 ਦੇ ਮੁੰਬਈ ਦਹਿਸ਼ਤੀ ਹਮਲੇ ’ਚ ਲੋੜੀਂਦਾ ਹੈ।
ਡੇਵਿਡ ਕੋਲਮੈਨ ਹੈਡਲੀ ਦੇ ਬਚਪਨ ਦੇ ਦੋਸਤ ਰਾਣਾ ਨੂੰ ਰਹਿਮ ਦੇ ਆਧਾਰ ’ਤੇ ਹੁਣੇ ਜਿਹੇ ਉਸ ਸਮੇਂ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਸੀ ਜਦੋਂ ਉਸ ਨੇ ਅਮਰੀਕੀ ਅਦਾਲਤ ਨੂੰ ਦੱਸਿਆ ਸੀ ਕਿ ਊਸ ਨੂੰ ਕਰੋਨਾ ਹੋ ਗਿਆ ਹੈ। ਸਹਾਇਕ ਅਮਰੀਕੀ ਅਟਾਰਨੀ ਜੌਹਨ ਜੇ ਲੂਲੇਜਿਆਨ ਨੇ ਅਦਾਲਤ ਨੂੰ ਦੱਸਿਆ ਕਿ ਭਾਰਤ ਸਰਕਾਰ ਨੇ ਉਸ ਦੀ ਗ੍ਰਿਫ਼ਤਾਰੀ ਦੀ ਬੇਨਤੀ ਕੀਤੀ ਹੈ।
ਉਸ ਨੂੰ 10 ਜੂਨ ਨੂੰ ਲਾਸ ਏਂਜਲਸ ’ਚ ਗ੍ਰਿਫ਼ਤਾਰ ਕੀਤਾ ਗਿਆ। ਸ਼ੁੱਕਰਵਾਰ ਨੂੰ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਇਸ ਕੇਸ ਦੀ ਸੁਣਵਾਈ 30 ਜੂਨ ਲਈ ਨਿਰਧਾਰਤ ਕਰ ਦਿੱਤੀ ਜਿਸ ’ਚ ਰਾਣਾ ਵੀਡੀਓ ਜਾਂ ਟੈਲੀਫੋਨ ਰਾਹੀਂ ਪੇਸ਼ੀ ਭੁਗਤੇਗਾ।